ਗਲਾਸਗੋ/ ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ)
ਬਰਮਿੰਘਮ ਵਿੱਚ ਸੋਮਵਾਰ ਨੂੰ ਇੱਕ 14 ਸਾਲਾਂ ਕਾਲੇ ਮੂਲ ਦੇ ਲੜਕੇ ਦੀ ਨਸਲੀ ਭੇਦਭਾਵ ਕਰਕੇ ਚਾਕੂ ਮਾਰ ਕੇ ਹੱਤਿਆ ਕਰਨ ਦੀ ਦੁੱਖਦਾਈ ਘਟਨਾ ਵਾਪਰੀ ਹੈ। ਪੁਲਿਸ ਅਨੁਸਾਰ ਹਮਲੇ ਤੋਂ ਪਹਿਲਾਂ ਬਰਮਿੰਘਮ ਵਿੱਚ ਇਸ 14 ਸਾਲਾਂ ਲੜਕੇ ਦਾ ਪਿੱਛਾ ਕੀਤਾ ਗਿਆ ਅਤੇ ਫਿਰ ਉਸ ਨੂੰ ਚਾਕੂ ਮਾਰਿਆ ਗਿਆ। ਵੈਸਟ ਮਿਡਲੈਂਡਜ਼ ਪੁਲਿਸ ਨੇ ਇਸ ਘਟਨਾ ਵਿੱਚ ਮਾਰੇ ਗਏ ਲੜਕੇ ਦਾ ਨਾਮ ਡੀ-ਜੌਨ ਰੀਡ ਦੱਸਿਆ ਹੈ। ਇਸਦੇ ਇਲਾਵਾ ਹਮਲੇ ਤੋਂ ਪਹਿਲਾਂ ਲੜਕੇ ਅਤੇ ਉਸਦੇ ਦੋਸਤਾਂ ਪ੍ਰਤੀ ਨਸਲੀ ਭਾਸ਼ਾ ਦਾ ਵੀ ਪ੍ਰਯੋਗ ਵੀ ਕੀਤਾ ਗਿਆ।
ਇਸ ਲੜਕੇ ਦੀ ਮੌਤ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਛੇ ਲੋਕਾਂ ਨੂੰ ਕਤਲ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ, ਜਿਹਨਾਂ ਵਿੱਚ ਚਾਰ ਆਦਮੀਆਂ ਦੀ ਉਮਰ ਲਗਭਗ 30 ਸਾਲ ਅਤੇ 13 ਤੇ 14 ਸਾਲ ਦੇ ਦੋ ਲੜਕੇ ਸ਼ਾਮਲ ਹਨ ਜੋ ਕਿ ਪੁਲਿਸ ਹਿਰਾਸਤ ਵਿੱਚ ਹਨ।
ਰੀਡ ਨੂੰ ਸੋਮਵਾਰ ਸ਼ਾਮ ਕਰੀਬ 7:30 ਵਜੇ ਕਾਲੇਜ਼ ਰੋਡ ਕਿੰਗਸਟੈਂਡਿੰਗ, ਬਰਮਿੰਘਮ ਵਿੱਚ ਚਾਕੂ ਮਾਰਨ ਤੋਂ ਪਹਿਲਾਂ ਪਿੱਛਾ ਕੀਤਾ ਗਿਆ ਸੀ। ਇਹ 14 ਸਾਲਾਂ ਬੱਚਾ ਹਮਲੇ ਉਪਰੰਤ ਸੜਕ ‘ਤੇ ਡਿੱਗ ਗਿਆ ਅਤੇ ਥੋੜ੍ਹੇ ਸਮੇਂ ਬਾਅਦ ਉਸਦੀ ਮੌਤ ਹੋ ਗਈ। ਪੋਸਟ ਮਾਰਟਮ ਕਰਵਾਉਣ ‘ਤੇ ਇਹ ਪੁਸ਼ਟੀ ਹੋਈ ਕਿ ਉਸਦੀ ਮੌਤ ਛਾਤੀ ਦੇ ਜ਼ਖ਼ਮ ਕਾਰਨ ਹੋਈ ਹੈ। ਪੁਲਿਸ ਦੁਆਰਾ ਇਸ ਕਤਲ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।