
ਅੰਮ੍ਰਿਤਸਰ (ਮੀਡੀਆ ਬਿਊਰੋ ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨਾਂ ਦੇ ਸੂਬਿਆਂ ‘ਚ ਭੇਜਣ ਦੀ ਕੀਤੀ ਪਹਿਲ ਤਹਿਤ ਅੱਜ ਦੁਪਿਹਰ ਅੰਮ੍ਰਿਤਸਰ ਤੋਂ ਚੌਥੀ ਰੇਲ ਗੱਡੀ ਗੌਂਡਾ ਲਈ ਰਾਵਾਨਾ ਹੋ ਗਈ। ਇਸ ਰੇਲ ਗੱਡੀ ਵਿਚ ਗਏ 1200 ਮੁਸਾਫਿਰਾਂ ਨੂੰ ਉਨਾਂ ਦੇ ਘਰਾਂ ਤੋਂ ਲੈ ਕੇ ਰੇਲ ਗੱਡੀ ਵਿਚ ਚੜਾਉਣ ਤੱਕ ਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ।
ਡਾਕਟਰੀ ਨਿਰੀਖਣ, ਟਿਕਟਾਂ ਦੀ ਵੰਡ, ਖਾਣਾ ਅਤੇ ਰੇਲ ਗੱਡੀ ਵਿਚ ਚੜਾਉਣ ਤੱਕ ਹਰੇਕ ਥਾਂ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਦਾ ਧਿਆਨ ਰੱਖਦੇ ਹੋਏ ਆਪਸੀ ਦੂਰੀ ਨੂੰ ਬਰਕਰਾਰ ਰੱਖਿਆ ਗਿਆ। ਤਹਿਸੀਲਦਾਰ ਸ੍ਰੀ ਸਲਵਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰਿਆਂ ਦੀ ਵਾਪਸੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਹਰੇਕ ਵਿਅਕਤੀ ਦੇ ਫੋਨ ਉਤੇ ਸੰਦੇਸ਼ ਦੇ ਕੇ ਉਸ ਨੂੰ ਘਰਾਂ ਤੋਂ ਉਸਦੀ ਵਾਰੀ ਨਾਲ ਬੁਲਾਇਆ ਜਾ ਰਿਹਾ ਹੈ। ਘਰਾਂ ਨੂੰ ਪਰਤ ਰਹੇ ਪ੍ਰਵਾਸੀਆਂ ਦੇ ਚਿਹਰਿਆਂ ਉਤੇ ਵੀ ਖੁਸ਼ੀ ਸਾਫ ਵਿਖਾਈ ਦੇ ਰਹੀ ਸੀ। ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਵੱਲੋਂ ਇਸ ਕੰਮ ਲਈ ਕੀਤੀ ਯੋਜਨਾਬੰਦੀ ਸਦਕਾ ਇਹ ਸਾਰਾ ਪ੍ਰੋਗਰਾਮ ਬੜੇ ਵਧੀਆ ਢੰਗ ਨਾਲ ਨੇਪਰੇ ਚੜਿਆ। ਸਟੇਸ਼ਨ ਉਤੇ ਤਹਿਸੀਲਦਾਰ ਸ੍ਰੀ ਜੇ ਪੀ ਸਲਵਾਨ, ਤਹਿਸੀਲਦਾਰ ਸ੍ਰੀ ਵੀਰ ਕਰਨ ਸਿੰਘ, ਨਾਇਬ ਤਹਿਸੀਲਦਾਰ ਸ੍ਰੀਮਤੀ ਅਰਚਨਾ ਸ਼ਰਮਾ, ਕਾਨੂੰਨੋ ਸ੍ਰੀ ਅਸ਼ੋਕ ਸ਼ਰਮਾ ਤੇ ਹੋਰ ਅਧਿਕਾਰੀ ਵੀ ਮੁਸਾਫਿਰਾਂ ਨੂੰ ਤੋਰਨ ਅਤੇ ਪ੍ਰਬੰਧਾਂ ਲਈ ਸਟੇਸ਼ਨ ਉਤੇ ਹਾਜ਼ਰ ਰਹੇ।