ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਯੂਕੇ ਵਿੱਚ ਹੋਏ ਯੂਰੋ 2020 ਫੁੱਟਬਾਲ ਕੱਪ ਦੀ ਵਜ੍ਹਾ ਨਾਲ ਕੋਰੋਨਾ ਵਾਇਰਸ ਦੀ ਲਾਗ ਦੇ ਦਰਜਨਾਂ ਮਾਮਲੇ ਸਾਹਮਣੇ ਆਏ ਸਨ। ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਵੀ ਫੁੱਟਬਾਲ ਪ੍ਰੇਮੀਆਂ ਲਈ ਬਣਾਏ ਗਏ ਫੈਨ ਜੋਨਾਂ ਨੇ ਵਾਇਰਸ ਦੇ ਮਾਮਲਿਆਂ ਨੂੰ ਫੈਲਣ ਵਿੱਚ ਯੋਗਦਾਨ ਪਾਇਆ। ਇਸ ਸਬੰਧੀ ਇੱਕ ਰਿਪੋਰਟ ਰਾਹੀਂ ਖੁਲਾਸਾ ਹੋਇਆ ਹੈ ਕਿ ਕੋਵਿਡ -19 ਦੇ 100 ਤੋਂ ਵੱਧ ਮਾਮਲੇ ਗਲਾਸਗੋ ਦੇ ਯੂਰੋ 2020 ਫੈਨ ਜ਼ੋਨ ਨਾਲ ਜੁੜੇ ਹੋਏ ਹਨ। ਇੱਕ ਨਿਊਜ਼ ਏਜੰਸੀ ਦੁਆਰਾ ‘ਫਰੀਡਮ ਆਫ ਇਨਫਰਮੇਸ਼ਨ’ ਤਹਿਤ ਪ੍ਰਾਪਤ ਕੀਤੀ ਜਾਣਕਾਰੀ ਦੇ ਅਨੁਸਾਰ ਪਬਲਿਕ ਹੈਲਥ ਸਕਾਟਲੈਂਡ (ਪੀ ਐਚ ਐਸ) ਦੇ ਅੰਕੜਿਆਂ ਅਨੁਸਾਰ 103 ਮਾਮਲੇ ਗਲਾਸਗੋ ਦੀ ਫੈਨ ਜੋਨ ਈਵੈਂਟ ਨਾਲ ਜੁੜੇ ਹੋਏ ਹਨ। ਸਕਾਟਿਸ਼ ਸਰਕਾਰ ਨੇ ਯੂਰੋ 2020 ਦੌਰਾਨ ਫੈਨ ਜੋਨ ਸਥਾਪਤ ਕੀਤੇ ਸਨ, ਜਿੱਥੇ ਉਹ ਮੈਚਾਂ ਦਾ ਆਨੰਦ ਲੈ ਸਕਦੇ ਸਨ। ਇਹ ਫੈਨ ਜੋਨ ਜੋ ਕਿ ਪ੍ਰਤੀ ਦਿਨ 6,000 ਲੋਕਾਂ ਨੂੰ ਸਾਂਭ ਸਕਦੇ ਸਨ ਅਤੇ ਇਹ ਪੂਰੇ ਫੁੱਟਬਾਲ ਟੂਰਨਾਮੈਂਟ ਦੌਰਾਨ ਖੁੱਲ੍ਹੇ ਸਨ।
ਹਾਲਾਂਕਿ ਫੈਨ ਜੋਨ ਵਿੱਚ ਵਾਇਰਸ ਸਬੰਧੀ ਸਾਵਧਾਨੀਆਂ ਵਰਤੀਆਂ ਗਈਆਂ ਸਨ, ਜਿਸ ਤਹਿਤ ਬੈਠਣ ਲਈ ਮੇਜ਼ਾਂ ਆਦਿ ਵਿੱਚ ਪੂਰੀ ਦੂਰੀ ਦਾ ਧਿਆਨ ਰੱਖਿਆ ਗਿਆ ਸੀ ਅਤੇ ਸਮੇਂ ਤੋਂ ਪਹਿਲਾਂ ਹਜ਼ਾਰਾਂ ਟਿਕਟ ਧਾਰਕਾਂ ਨੂੰ ਟੈਸਟ ਵੀ ਭੇਜੇ ਗਏ ਸਨ। ਇਸਦੇ ਬਾਵਜੂਦ ਵੀ ਇਸ ਫੈਨ ਜ਼ੋਨ ਦੇ ਕਾਰਨ ਅੰਕੜਿਆਂ ਅਨੁਸਾਰ ਫੁੱਟਬਾਲ ਨਾਲ ਜੁੜੇ 2,000 ਕੋਰੋਨਾ ਮਾਮਲਿਆਂ ਵਿੱਚੋਂ 5% ਫੈਨ ਜੋਨ ਨਾਲ ਜੁੜੇ ਹੋਏ ਹਨ। ਇਸਦੇ ਇਲਾਵਾ ਰਿਪੋਰਟ ਅਨੁਸਾਰ ਯੂਰੋ 2020 ਦੀ ਗਤੀਵਿਧੀ ਨਾਲ ਜੁੜੇ ਲਗਭਗ ਦੋ ਤਿਹਾਈ (1,294) ਕੇਸ ਸਕਾਟਲੈਂਡ ਤੇ ਇੰਗਲੈਂਡ ਵਿਚਕਾਰ ਮੈਚ ਦੌਰਾਨ ਸਕਾਟਲੈਂਡ ਅਤੇ ਲੰਡਨ ਦੌਰਾਨ ਯਾਤਰਾ ਕਰਨ ਕਰਕੇ ਵੀ ਸਾਹਮਣੇ ਆਏ ਸਨ।