ਸਿਵਲ ਹਸਪਤਾਲ ‘ਚ ਜਣੇਪੇ ਤੋਂ ਬਾਅਦ ਮਾਮਲਾ ਆਇਆ ਸਾਹਮਣੇ
ਲੁਧਿਆਣਾ, ਮੀਡੀਆ ਬਿਊਰੋ:
ਲੁਧਿਆਣਾ ‘ਚ 11 ਸਾਲਾ ਜਬਰ ਜਨਾਹ ਪੀੜਤਾ ਨੇ ਬੱਚੇ ਨੂੰ ਜਨਮ ਦਿੱਤਾ ਹੈ। ਮੁਲਜ਼ਮਾਂ ਨੇ ਕਈ ਮਹੀਨਿਆਂ ਤਕ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਅੰਤ ‘ਚ ਇਹ ਬੇਨਕਾਬ ਹੋ ਗਿਆ। ਥਾਣਾ ਕੂੰਮਕਲਾਂ ਦੀ ਪੁਲਿਸ ਨੇ ਪੀੜਤਾ ਦੇ ਪਿਤਾ ਦੇ ਬਿਆਨ ਦਰਜ ਕਰਕੇ ਸ਼ਸ਼ੀਕਾਂਤ ਨਾਮਕ ਨੌਜਵਾਨ ਖ਼ਿਲਾਫ਼ ਪੋਸਕੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਫਰਾਰ ਹੈ। ਥਾਣਾ ਸਦਰ ਦੇ ਇੰਚਾਰਜ ਰਣਬੀਰ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦੇ ਮਾਤਾ-ਪਿਤਾ ਮਜ਼ਦੂਰ ਹਨ।
ਉਨ੍ਹਾਂ ਨੂੰ ਫੈਕਟਰੀ ਦੇ ਅੰਦਰ ਰਹਿਣ ਲਈ ਜਗ੍ਹਾ ਮਿਲੀ ਹੈ। ਨਜ਼ਦੀਕੀ ਫੈਕਟਰੀ ‘ਚ ਕੰਮ ਕਰਦੇ ਸ਼ਸ਼ੀਕਾਂਤ ਨਾਂ ਦੇ ਨੌਜਵਾਨ ਨੇ ਵਿਆਹ ਦਾ ਬਹਾਨਾ ਲਗਾ ਕੇ 11 ਸਾਲਾ ਲੜਕੀ ਨਾਲ ਜਬਰ ਜਨਾਹ ਕੀਤਾ। ਜਦੋਂ ਉਹ ਗਰਭਵਤੀ ਹੋ ਗਈ ਤਾਂ ਮੁਲਜ਼ਮ ਨੇ ਉਸ ਨੂੰ ਧਮਕਾਇਆ ਅਤੇ ਮੂੰਹ ਬੰਦ ਰੱਖਣ ਲਈ ਕਿਹਾ। ਜਦੋਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਆਪਣੀ ਪਛਾਣ ਵਾਲੀ ਔਰਤ ਨੂੰ ਬੁਲਾ ਕੇ ਬੇਟੀ ਨਾਲ ਗੱਲ ਕਰਵਾਈ। ਇਸ ਵਿੱਚ ਲੜਕੀ ਨੇ ਸਾਰੀ ਗੱਲ ਦੱਸੀ। ਔਰਤ ਬੱਚੀ ਨੂੰ ਆਪਣੇ ਘਰ ਲੈ ਗਈ। ਪਰਿਵਾਰ ਦਾ ਦੋਸ਼ ਹੈ ਕਿ ਔਰਤ ਨੇ ਮੁਲਜ਼ਮਾਂ ਨਾਲ ਮਿਲ ਕੇ ਇਸ ਗੱਲ ਨੂੰ ਛੁਪਾਉਣ ਦੀ ਕੋਸ਼ਿਸ਼ ਵੀ ਕੀਤੀ। ਇਸ ਤੋਂ ਬਾਅਦ ਸ਼ਨੀਵਾਰ ਨੂੰ ਉਸ ਨੇ ਦੁਬਾਰਾ ਥਾਣਾ ਕੂੰਮਕਲਾਂ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਸੋਮਵਾਰ ਨੂੰ ਲੜਕੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਲੜਕੇ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰ ਲਿਆ।