ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਖੜੋਤ ਨਹੀਂ ਆ ਰਹੀ ਹੈ। ਸਕਾਟਲੈਂਡ ਦੀ ਸਰਕਾਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਸਕਾਟਲੈਂਡ ਵਿੱਚ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1036 ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ ਰੋਜ਼ਾਨਾ ਟੈਸਟ ਸਕਾਰਾਤਮਕਤਾ ਦਰ 5% ਹੈ, ਜੋ ਕਿ ਸ਼ਨੀਵਾਰ ਨੂੰ ਰਿਪੋਰਟ ਕੀਤੀ 4.1% ਤੋਂ ਉੱਪਰ ਹੈ। ਪਬਲਿਕ ਹੈਲਥ ਸਕਾਟਲੈਂਡ ਨੇ ਜਾਣਕਾਰੀ ਦਿੱਤੀ ਹੈ ਕਿ ਐਤਵਾਰ ਨੂੰ ਦਰਜ ਕੀਤੇ ਗਏ ਨਵੇਂ ਮਾਮਲਿਆਂ ਵਿਚੋਂ 248 ਗ੍ਰੇਟਰ ਗਲਾਸਗੋ ਅਤੇ ਕਲਾਈਡ ਖੇਤਰ ਵਿੱਚ ਹਨ, 230 ਲੋਥੀਅਨ ਵਿੱਚ, 151 ਟਾਇਸਾਈਡ ਵਿੱਚ, 111 ਮਾਮਲੇ ਆਇਰਸ਼ਾਇਰ ਤੇ ਅਰਾਨ ਅਤੇ 107 ਲਾਨਾਰਕਸ਼ਾਇਰ ਵਿੱਚ ਹਨ।
ਇਸਦੇ ਇਲਾਵਾ ਬਾਕੀ ਦੇ ਕੇਸ ਸਿਹਤ ਵਿਭਾਗ ਦੇ ਛੇ ਹੋਰ ਖੇਤਰਾਂ ਵਿੱਚ ਦਰਜ ਕੀਤੇ ਗਏ ਹਨ ਅਤੇ ਕਿਸੇ ਹੋਰ ਮੌਤ ਦੀ ਖਬਰ ਨਹੀਂ ਹੈ। ਸਕਾਟਲੈਂਡ ਦੇ ਨੈਸ਼ਨਲ ਰਿਕਾਰਡਜ਼ ਦੁਆਰਾ ਦਰਜ ਕੋਵਿਡ -19 ਮੌਤਾਂ ਦੇ ਅੰਕੜੇ ਦੱਸਦੇ ਹਨ ਕਿ ਹੁਣ ਤੱਕ ਕੁੱਲ 10,130 ਮੌਤਾਂ ਹੋ ਚੁੱਕੀਆਂ ਹਨ। ਟੀਕਾਕਰਨ ਸਬੰਧੀ ਅੰਕੜਿਆਂ ਅਨੁਸਾਰ ਤਕਰੀਬਨ 3,497,287 ਲੋਕਾਂ ਨੇ ਕੋਵਿਡ -19 ਟੀਕੇ ਦੀ ਪਹਿਲੀ ਅਤੇ ਕੁੱਲ 2,425,825 ਲੋਕਾਂ ਨੇ ਆਪਣੀ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।