102 ਸਹਿਕਾਰੀ ਸਭਾਵਾਂ ਨੇ ਕੋਵਿਡ ਲਾਕਡਾਊਨ ਦੌਰਾਨ 3.20 ਕਰੋੜ ਦੇ ਰਾਸ਼ਨ ਦੀ ਵਿੱਕਰੀ ਕਰਕੇ ਸਹਿਕਾਰਤਾ ਲਹਿਰ ਨੂੰ ਕੀਤਾ ਮਜ਼ਬੂਤ

(ਖੱਬੇ) ਸੀਲ ਕੀਤੇ ਪਿੰਡਾਂ ’ਚ ਟੈਂਪੂ ਰਾਹੀਂ ਰਾਸ਼ਨ ਦੀ ਸਪਲਾਈ ਕਰਦੇ ਹੋਏ ਸਹਿਕਾਰਤਾ ਵਿਭਾਗ ਦੇ ਕਰਮਚਾਰੀ। (ਸੱਜੇ) : ਦਾਣਾ ਮੰਡੀਆਂ ’ਚ ਮਜ਼ਦੂਰਾਂ ਨੂੰ ਮੁਫ਼ਤ ਮਾਸਕਾਂ ਦੀ ਵੰਡ ਦੌਰਾਨ ਡੀ ਆਰ ਜਗਜੀਤ ਸਿੰਘ ਤੇ ਐਸ ਡੀ ਐਮ ਜਗਦੀਸ਼ ਸਿੰਘ ਜੌਹਲ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਸਹਿਕਾਰੀ ਸਭਾਵਾਂ ਨੇ ਕੋਵਿਡ ਲਾਕਡਾਊਨ ਦੌਰਾਨ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਖਾਸਕਰ ਪੇਂਡੂ ਇਲਾਕਿਆਂ ’ਚ ਜ਼ਰੂਰੀ ਵਸਤਾਂ ਦੀ ਪੂਰਤੀ ’ਚ ਵੱਡਾ ਯੋਗਦਾਨ ਪਾ ਕੇ ਸਹਿਕਾਰਤਾ ਲਹਿਰ ਦੇ ਅਸਲ ਮਨੋਰਥ ਨੂੰ ਸਾਹਮਣੇ ਲਿਆਂਦਾ ਹੈ। ਲਾਕਡਾਊਨ ਦੌਰਾਨ ਜ਼ਿਲ੍ਹੇ ਦੀਆਂ 102 ਬਹੁਮੰਤਵੀ ਸਹਿਕਾਰੀ ਸਭਾਵਾਂ ਨੇ 3.20 ਕਰੋੜ ਰੁਪਏ ਦੀ ਵਿੱਕਰੀ ਕਰਕੇ ਸਹਿਕਾਰਤਾ ਲਹਿਰ ਨੂੰ ਵੀ ਮਜ਼ਬੂਤ ਕੀਤਾ ਹੈ। ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹੇ ਦੇ ਡਿਪਟੀ ਰਜਿਸਟ੍ਰਾਰ ਸਹਿਕਾਰੀ ਸਭਾਵਾਂ ਜਗਜੀਤ ਸਿੰਘ ਨੇ ਦੱਸਿਆ ਕਿ ਜਦੋਂ ਬੰਗਾ ਸਬ ਡਵੀਜ਼ਨ ’ਚ ਪਠਲਾਵਾ ਅਤੇ ਆਸ ਪਾਸ ਦੇ 15 ਪਿੰਡ ਸੀਲ ਕੀਤੇ ਗਏ ਤਾਂ ਉਸ ਮੌਕੇ ਸਹਿਕਾਰਤਾ ਵਿਭਾਗ ਦੇ ਮੋਢਿਆਂ ’ਤੇ ਵੱਡੀ ਜ਼ਿੰਮੇਂਵਾਰੀ ਆਪਣੀ ਬੰਗਾ ਮਾਰਕੀਟਿੰਗ ਸੁਸਾਇਟੀ ਰਾਹੀਂ ਇਨ੍ਹਾਂ ਪਿੰਡਾਂ ਦੇ ਲੋਕਾਂ ਦੀਆਂ ਜ਼ਰੂਰੀ ਵਸਤਾਂ ਦੀ ਲੋੜਾਂ ਦੀ ਪੂਰਤੀ ਕਰਨ ਦੀ ਪਾਈ ਗਈ ਸੀ।

ਸਭਾ ਮੈਨੇਜਰ ਇਕਬਾਲ ਸਿੰਘ ਦੀ ਅਗਵਾਈ ’ਚ ਹਿੰਮਤੀ ਸਟਾਫ਼ ਨੇ ਇਸ ਜ਼ਿੰਮੇਂਵਾਰੀ ਨੂੰ ਨਾ ਸਿਰਫ਼ ਪੂਰਾ ਕਰਨ ’ਚ ਕਾਮਯਾਬ ਹੋਈ ਬਲਕਿ ਡੇਢ ਕਰੋੜ ਦੇ ਲਗਪਗ ਦਾ ਰਾਸ਼ਨ ਵੀ ਇਨ੍ਹਾਂ ਦਿਨਾਂ ’ਚ ਸਪਲਾਈ ਕੀਤਾ। ਬਾਅਦ ਸਹਿਕਾਰਤਾ ਵਿਭਾਗ ਦੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੀ ਸਹਿਮਤੀ ਨਾਲ ਅਤੇ ਰਜਿਸਟ੍ਰਾਰ ਸਹਿਕਾਰਤਾ ਪੰਜਾਬ ਸ੍ਰੀ ਵਿਕਾਸ ਗਰਗ ਅਤੇ ਜੁਆਇੰਟ ਰਜਿਸਟ੍ਰਾਰ ਜਲੰਧਰ ਪਲਵਿੰਦਰ ਸਿੰਘ ਬੱਲ ਦੀਆਂ ਹਦਾਇਤਾਂ ’ਤੇ ਲਾਕਡਾਊਨ ਦੌਰਾਨ ਬੰਦ ਪਈਆਂ 142 ਸਹਿਕਾਰੀ ਸਭਾਵਾਂ ’ਚੋਂ 102 ਸਹਿਕਾਰੀ ਸਭਾਵਾਂ ਦੇ ਸਟਾਫ਼ ਨੇ ਸਹਿਕਾਰਤਾ ਲਹਿਰ ਦੇ ਅਸਲ ਮਨੋਰਥ ਨੂੰ ਪੂਰਾ ਕਰਦਿਆਂ 350 ਤੋਂ ਵੀ ਵਧੇਰੇ ਪਿੰਡਾਂ ’ਚ ਘਰ ਘਰ ਰਾਸ਼ਨ ਪਹੁੰਚਾਇਆ। ਸਭਾਵਾਂ, ਮਸਰ ਦਾਲ, ਮਸਰ ਸਾਬਤ, ਚਨਾ ਦਾਲ, ਮਾਂਹ ਦਾਲ, ਸਰੋਂ ਦਾ ਤੇਲ, ਘਿਉ, ਰਿਫ਼ਾਇੰਡ, ਆਟਾ, ਖੰਡ, ਚਾਹਪੱਤੀ, ਚਾਵਲ, ਵੇਸਣ, ਸਰਫ਼, ਸਾਬਣ, ਨਮਕ, ਮਿਰਚ, ਮਸਾਲਾ, ਹਲਦੀ, ਚਨਾ ਕਾਲਾ, ਆਦਿ ਵਸਤਾਂ ਪਹਿਲ ਦੇ ਆਧਾਰ ’ਤੇ ਸਪਲਾਈ ਕਰ ਰਹੀਆਂ ਹਨ। ਸਭਾਵਾਂ ਨੇ ਆਪੋ-ਆਪਣੇ ਪਿੰਡ ਦੇ ਐਨ.ਆਰ.ਆਈਜ਼, ਸਰਪੰਚਾਂ, ਪ੍ਰਬੰਧਕ ਕਮੇਟੀਆਂ ਅਤੇ ਦਾਨੀ ਸੱਜਣਾਂ ਨਾਲ ਮਿਲ ਕੇ ਇਸ ਔਖੀ ਘੜੀ ਵਿਚ ਜ਼ਰੂਰਤਮੰਦਾਂ ਤੱਕ ਲੋੜੀਂਦਾ ਰਾਸ਼ਨ ਬਿਨਾਂ ਕਿਸੇ ਭੇਟਾ ਤੋਂ ਪਹੁੰਚਾਉਣ ’ਚ ਵੀ ਮੋਹਰੀ ਭੂਮਿਕਾ ਨਿਭਾਈ। ਝਿੰਗੜਾਂ ਬਹੁਮੰਤਵੀ ਸਹਿਕਾਰੀ ਸਭਾ ਨਾਲ ਸਬੰਧਤ ਸੰਗਤਪੁਰ ਸੈਲਫ਼ ਹੈਲਪ ਗਰੁੱਪ ਅਤੇ ਬਾਪੂ ਸੇਵਾ ਦਾਸ ਸੈਲਫ਼ ਹੈਲਪ ਗਰੁੱਪ ਵਲੋਂ ਕੱਪੜੇ ਦੇ ਮਾਸਕ ਬਣਾ ਕੇ ਵੀ ਸਸਤੇ ਰੇਟ ’ਤੇ ਸਪਲਾਈ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਖੇਤੀਬਾੜੀ ਸਭਾਵਾਂ, ਸੀ.ਐਮ.ਐਸ.ਬੰਗਾ, ਮਾਹਿਲ ਗਹਿਲਾਂ, ਪੱਲੀ ਝਿੱਕੀ, ਝਿੰਗੜਾਂ, ਹਿਆਲਾ ਅਤੇ ਰੱਕੜਾ ਬੇਟ ਆਦਿ ਦੀ ਮੱਦਦ ਨਾਲ ਸੈਲਫ਼ ਹੈਲਪ ਗਰੁੱਪਾਂ ਰਾਹੀਂ ਤਿਆਰ ਮਾਸਕ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਕੰਮ ਕਰਦੇ ਮਜ਼ਦੂਰਾਂ ਨੂੰ ਲਗਭਗ 3000 ਮਾਸਕ ਮੁਫ਼ਤ ਵੰਡੇ ਗਏ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਸਹਿਕਾਰਤਾ ਵਿਭਾਗ ਦੇ ਲਾਕ ਡਾਊਨ ਦੌਰਾਨ ਕੀਤੇ ਜਾ ਰਹੇ ਕੰਮ ’ਤੇ ਟਿੱਪਣੀ ਕਰਦਿਆਂ ਕਹਿੰਦੇ ਹਨ ਕਿ ਵਿਭਾਗ ਦੇ ਸਮੁੱਚੇ ਅਮਲੇ ਨੇ ਪ੍ਰਸ਼ਾਸਨ ਦਾ ਨਿੱਠ ਕੇ ਸਾਥ ਦਿੱਤਾ ਹੈ ਅਤੇ ਬਹੁਤ ਸਾਰੀਆਂ ਮੁਸ਼ਕਿਲਾਂ ਨੂੰ ਪਿੰਡ ਪੱਧਰ ’ਤੇ ਹੱਲ ਕਰਨ ’ਚ ਸਹਿਯੋਗ ਦਿੱਤਾ।

Share This :

Leave a Reply