ਖੰਨਾ (ਪਰਮਜੀਤ ਸਿੰਘ ਧੀਮਾਨ) – ਨਸ਼ਾ ਤਸਕਰਾਂ ਤੇ ਗਲਤ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਦੌਰਾਨ ਖੰਨਾ ਪੁਲਸ ਨੂੰ ਵੱਡੀ ਸਫ਼ਲਤਾ ਹੱਥ ਲੱਗੀ। ਇਸ ਸਬੰਧੀ ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ. ਪੀ. (ਡੀ.) ਮਨਪ੍ਰੀਤ ਸਿੰਘ ਨੇ ਦੱਸਿਆ ਕਿ ਡੀ. ਐਸ. ਪੀ. ਪਾਇਲ ਹਰਦੀਪ ਸਿੰਘ ਚੀਮਾ, ਥਾਣੇਦਾਰ ਨਛੱਤਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਜੀ. ਟੀ. ਰੋਡ ਦੋਰਾਹਾ ਵਿਖੇ ਨਾਕਾਬੰਦੀ ਦੌਰਾਨ ਖੰਨਾ ਤੋਂ ਆ ਰਹੀ ਸਵਿੱਫਟ ਡਿਜ਼ਾਇਰ ਗੱਡੀ ਨੰਬਰ-ਡੀਐਲ01ਜੈਡਡੀ-1068 ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ 1 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਹੋਈ।
ਦੋਸ਼ੀਆਂ ਦੀ ਪਛਾਣ ਨਾਈਜ਼ੀਰੀਅਨ ਲੜਕੀ ਪ੍ਰਿੰਸਸ ਚਿਨਯੋਏ ਹਾਲ ਵਾਸੀ ਉੱਤਮ ਨਗਰ ਨਵੀਂ ਦਿੱਲੀ ਅਤੇ ਪਲਵਿੰਦਰ ਸਿੰਘ ਵਾਸੀ ਪਾਂਡਵ ਨਗਰ ਦਿੱਲੀ ਵਜੋਂ ਹੋਈ। ਉਕਤ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਇਹ ਖੇਪ ਦਿੱਲੀ ਤੋਂ ਲਿਆ ਕੇ ਅੰਮ੍ਰਿਤਸਰ ਦੇ ਏਰੀਆ ਵਿਚ ਸਪਲਾਈ ਕਰਨੀ ਸੀ ਅਤੇ ਇਹ ਗਰੁੱਪ ਤਰਨਤਾਰਨ ਵਿਚ ਪਹਿਲਾ ਵੀ ਨਸ਼ੇ ਦੀ ਸਪਲਾਈ ਦੇ ਚੁੱਕਾ ਹੈ। ਐਸ. ਪੀ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਪਾਸੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।