ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਇੱਥੇ ਦੱਸਿਆ ਕਿ ਜੰਮੂ ਤੇ ਕਸ਼ਮੀਰ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਜ ਭੇਜਣ ਤੋਂ ਬਾਅਦ ਹੁਣ ਅਗਲੀ ਵਾਰੀ ਝਾਰਖੰਡ ਜਾਣ ਵਾਲੇ ਪ੍ਰਵਾਸੀਆਂ ਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਝਾਰਖੰਡ ਜਾਣ ਦੇ ਚਾਹਵਾਨਾਂ ਵਾਸਤੇ 15 ਮਈ ਨੂੰ ਰਾਤ 11 ਵਜੇ ਜਲੰਧਰ ਤੋਂ ਟ੍ਰੇਨ ਅਲਾਟ ਕੀਤੀ ਗਈ ਹੈ, ਜਿਸ ਵਿੱਚ 300 ਵਿਅਕਤੀਆਂ ਨੂੰ ਭੇਜਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਜਲੰਧਰ ਤੱਕ ਇਨ੍ਹਾਂ ਵਿਅਕਤੀਆਂ ਨੂੰ ਬੱਸਾਂ ’ਤੇ ਪਹੁੰਚਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਆਪਣੇ ਰਾਜਾਂ ਨੂੰ ਜਾਣ ਦੇ ਚਾਹਵਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਰਾਜਾਂ ਤੱਕ ਸਹੀ ਸਲਾਮਤ ਭੇਜਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਰਾਜਾਂ ਲਈ ਲਾਏ ਨੋਡਲ ਅਫ਼ਸਰਾਂ ਰਾਹੀਂ ਉਨ੍ਹਾਂ ਦੇ ਰਾਜਾਂ ਨਾਲ ਸੰਪਰਕ ’ਚ ਹੈ ਅਤੇ ਜਿਵੇਂ-ਜਿਵੇਂ ਸਰਕਾਰ ਪਾਸੋਂ ਹਦਾਇਤ ਆ ਰਹੀ ਹੈ, ਉਸ ਤਰ੍ਹਾਂ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਯੂ ਪੀ ਜਾਣ ਦੇ ਚਾਹਵਾਨਾਂ ਲਈ ਸਰਕਾਰ ਵੱਲੋਂ ਰੂਪਨਗਰ ਤੋਂ ਦੋ ਟ੍ਰੇਨਾਂ ਚਲਾਉਣ ਦੀ ਸੂਚਨਾ ਜ਼ਿਲ੍ਹੇ ਨੂੰ ਆ ਚੁੱਕੀ ਹੈ, ਜਿਸ ਵਿੱਚ ਲਖਨਊ ਜਾਣ ਵਾਲੀ ਅਤੇ ਮੁਰਾਦਬਾਦ, ਬਰੇਲੀ ਰੁਕਣ ਵਾਲੀ ਇਸ ਗੱਡੀ ’ਤੇ 780 ਵਿਅਕਤੀਆਂ ਨੂੰ ਭੇਜਿਆ ਜਾਵੇਗਾ। ਇਸੇ ਤਰ੍ਹਾਂ ਗੋਰਖਪੁਰ ਜਾਣ ਵਾਲੀ ਅਤੇ ਅਲੀਗੜ੍ਹ, ਕਾਨਪੁਰ ਦੇ ਸਟੇਸ਼ਨਾਂ ’ਤੇ ਰੁਕਣ ਵਾਲੀ ਦੂਸਰੀ ਟ੍ਰੇਨ ਵਿੱਚ 746 ਵਿਅਕਤੀਆਂ ਨੂੰ ਭੇਜਿਆ ਜਾਵੇਗਾ। ਡਿਪਟੀ ਕਮਿਸ਼ਨਰ ਅਨੁਸਾਰ ਰੋਪੜ ਤੋਂ ਜਾਣ ਵਾਲੀਆਂ ਇਨ੍ਹਾਂ ਦੋਵਾਂ ਟ੍ਰੇਨਾਂ ਦੀ ਸਮਾਂ-ਸਾਰਣੀ ਹਾਲਾਂ ਸਰਕਾਰ ਵੱਲੋਂ ਦੱਸੀ ਜਾਣੀ ਹੈ ਪਰੰਤੂ ਯਾਤਰੀਆਂ ਦੀ ਤਿਆਰੀ ਰੱਖਣ ਲਈ ਸੂਚਨਾ ਜ਼ਰੂਰ ਆ ਗਈ ਹੈ। ਉਨ੍ਹਾਂ ਜ਼ਿਲ੍ਹੇ ’ਚ ਰਹਿ ਰਹੇ ਆਪਣੇ ਰਾਜਾਂ ਨੂੰ ਜਾਣ ਵਾਲੇ ਪ੍ਰਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਜਾਂ ਭੜਕਾਹਟ ’ਚ ਆਉਣ ਦੀ ਅਪੀਲ ਕਰਦਿਆਂ ਸਰਕਾਰ ਵੱਲੋਂ ਉਨ੍ਹਾਂ ਦੇ ਰਾਜਾਂ ਨਾਲ ਤਾਲ ਮੇਲ ਕਰਕੇ ਉਨ੍ਹਾਂ ਨੂੰ ਭੇਜਣ ਦੇ ਕੀਤੇ ਜਾ ਰਹੇ ਪ੍ਰਬੰਧਾਂ ਦੀ ਉਡੀਕ ਕਰਨ ਲਈ ਆਖਿਆ।