ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕੋਵਿਡ ਦੀ ਰੋਕਥਾਮ ਲਈ ਕਲ੍ਹ ਸ਼ਾਮ ਤੱਕ 527 ਵਿਅਕਤੀਆਂ ਦੀ ਸੈਂਪਲਿੰਗ ਕਰਵਾਈ ਗਈ ਹੈ, ਜਿਸ ਵਿੱਚੋਂ 496 ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 7 ਦੇ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 19 ’ਤੇ ਹੀ ਸਥਿਰ ਹੈ ਅਤੇ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਇਲਾਜ ਅਧੀਨ 18 ਮਰੀਜ਼ਾਂ ’ਚੋਂ 17 ਸਿਹਤਯਾਬ ਹੋ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਕੋਵਿਡ ਦੇ ਲੱਛਣਾਂ ਵਾਲੇ ਮਰੀਜ਼ ਖੁਦ ਉਨ੍ਹਾਂ ਤੱਕ ਪਹੁੰਚ ਕਰ ਰਹੇ ਹਨ, ਜੋ ਕਿ ਲੋਕਾਂ ’ਚ ਜਾਗਰੂਕਤਾ ਦਾ ਇੱਕ ਸ਼ੁੱਭ ਸੰਕੇਤ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਤੋਂ ਬਚਾਅ ਲਈ ਆਪਣੇ ਆਪ ਨੂੰ ਸਵੈ-ਅਨੁਸ਼ਾਸਨ ’ਚ ਜਿੰਨੀਆਂ ਅਸੀਂ ਸਾਵਧਾਨੀਆਂ ਰੱਖਾਂਗੇ, ਉਤਨੇ ਹੀ ਕੋਵਿਡ ਦੇ ਪ੍ਰਭਾਵ ਤੋਂ ਦੂਰ ਰਹਾਂਗੇ। ਸਿਵਲ ਸਰਜਨ ਨੇ ਲੋਕਾਂ ਨੂੰ ਕੋਵਿਡ ਅਤੇ ਫ਼ਲੂ ਦੇ ਲੱਛਣ ਜਿਵੇਂ ਤੇਜ਼ ਬੁਖਾਰ, ਖੰਘ, ਜ਼ੁਕਾਮ, ਗਲਾ ਖਰਾਬ ਅਤੇ ਸਾਹ ’ਚ ਤਕਲੀਫ਼ ਆਦਿ ਦੇ ਲੱਛਣ ਹੋਣ ’ਤੇ ਤੁਰੰਤ ਨੇੜਲੇ ਸਰਕਾਰੀ ਹਸਪਤਾਲ ’ਚ ਬਣੇ ਫ਼ਲੂ ਕਾਰਨਰ ’ਤੇ ਜਾਣ ਜਾਂ ਫ਼ਿਰ 01823-227471 (ਕੋਵਿਡ ਹੈਲਪ ਲਾਈਨ) ’ਤੇ ਸੰਪਰਕ ਕਰਨ ਲਈ ਆਖਿਆ ਹੈ।