ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਮੰਡੀ ਅਫ਼ਸਰ ਮੁਕੇਸ਼ ਕੈਲੇ ਨੇ ਮੰਡੀਆਂ `ਚ ਕਣਕ ਲੈ ਕੇ ਆ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਡੀਆਂ `ਚ ਕੇਂਦਰ ਸਰਕਾਰ ਵਲੋਂ ਮਿੱਥੀ ਨਮੀ ਦੀ ਸ਼ਰਤ ਮੁਤਾਬਿਕ ਹੀ ਕਣਕ ਲੈ ਕੇ ਆਉਣ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਮੰਡੀਆਂ `ਚ ਨਮੀ ਮਾਪਕ ਯੰਤਰ ਲਾਏ ਗਏ ਹਨ ਅਤੇ ਜੇਕਰ ਕਿਸੇ ਵੀ ਜਿਮੀਂਦਾਰ ਦੀ ਕਣਕ `ਚ ਨਮੀ 12 ਫ਼ੀਸਦੀ ਤੋਂ ਵਧੇਰੇ ਹੋਈ ਤਾਂ ਉਹ ਕਣਕ ਮੰਡੀ ਦੇ ਗੇਟ ਤੋਂ ਹੀ ਵਾਪਸ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੀਂਹ ਕਾਰਨ ਗਿੱਲੀ ਹੋਈ ਕਣਕ ਨਾ ਵੱਢਣ ਅਤੇ ਇਸ ਦੇ ਸੁੱਕਣ ਦੀ ਉਡੀਕ ਕਰਨ। ਉਨ੍ਹਾਂ ਭਰੋਸਾ ਦਿਵਾਇਆ ਕਿ ਮੰਡੀਆਂ `ਚ ਸੀਜ਼ਨ 15 ਜੂਨ ਤੱਕ ਚੱਲਣਾ ਹੈ ਇਸ ਲਈ ਕੋਈ ਵੀ ਕਿਸਾਨ ਗਿੱਲੀ ਕਣਕ ਵੱਢਣ ਦੀ ਜਲਦਬਾਜ਼ੀ ਨਾ ਕਰੇ ਕਿਉਂਕਿ ਮੰਡੀਆਂ `ਚ ਭਾਰਤ ਸਰਕਾਰ ਵਲੋਂ ਅਨਾਜ ਦੀ ਗੁਣਵੱਤਾ ਲਈ ਮਿੱਥੇ ਮਿਆਰਾਂ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ