ਜ਼ਿਲ੍ਹੇ ’ਚ ਕੋਵਿਡ ਕਾਰਨ ਪੈਦਾ ਹੋਏ ਹਾਲਾਤਾਂ ਨਾਲ ਨਿਪਟਣ ਲਈ ਪ੍ਰਸ਼ਾਸਨਿਕ, ਪੁਲਿਸ ਤੇ ਸਿਹਤ ਅਧਿਕਾਰੀਆਂ ਦਾ ਰੋਲ ਸ਼ਲਾਘਾਯੋਗ ਰਿਹਾ-ਐਮ ਪੀ ਮਨੀਸ਼ ਤਿਵਾੜੀ

ਨਵਾਂਸ਼ਹਿਰ, (ਏ-ਆਰ. ਆਰ. ਐੱਸ. ਸੰਧੂ) ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਵਾੜੀ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਦੌਰਾ ਕਰਕੇ ਕੋਰੋਨਾ ਕਾਰਨ ਪੈਦਾ ਹੋਏ ਹਾਲਾਤਾਂ ਨੂੰ ਸਾਂਭਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ, ਪੁਲਿਸ ਪ੍ਰਸਾਸ਼ਨ, ਸਿਵਲ ਸਰਜਨ ਅਤੇ ਡਾਕਟਰਾਂ ਵੱਲੋਂ ਨਿਭਾਏ ਗਏ ਰੋਲ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੋਵਿਡ ਤੋਂ ਪ੍ਰਭਾਵਿਤ ਹੋਣ ਬਾਅਦ ਨਵਾਂਸ਼ਹਿਰ ਸੁਰਖੀਆਂ ’ਚ ਆਇਆ ਸੀ, ਉਸੇ ਹੀ ਤੇਜ਼ੀ ਨਾਲ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਸਿਹਤ ਪ੍ਰਸ਼ਾਸਨ ਅਤੇ ਸਮੁੱਚੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਸ ਨੂੰ ਮੁੜ ਤੋਂ ਲੀਹ ’ਤੇ ਲਿਆਉਣ ’ਚ ਜੋ ਹੰਭਲਾ ਮਾਰਿਆ, ਉਹ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਬਿਲਕੁਲ ਹੀ ਨਵੀਂ ਬਿਮਾਰੀ ਹੋਣ ਕਾਰਨ, ਹਾਲਾਂ ਤੱਕ ਕੋਈ ਪੁਖਤਾ ਇਲਾਜ ਵੀ ਨਾ ਮਿਲਣ ਦੇ ਬਾਵਜੂਦ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੇ ਆਪਣੇ ਟੀਮ ਵਰਕ ਨਾਲ ਜੋ ਪੈੜ ਪਾਈ ਹੈ, ਉਹ ਪ੍ਰਸ਼ੰਸਾਯੋਗ ਹੈ।


ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਐਮ ਐਲ ਏ ਅੰਗਦ ਸਿੰਘ ਤੇ ਚੇਅਰਮੈਨ ਪੰਜਾਬ ਲਾਰਜ ਇੰਡਸਟ੍ਰੀਜ਼ ਬੋਰਡ ਪਵਨ ਦੀਵਾਨ ਦੀ ਹਾਜ਼ਰੀ ’ਚ ਉਨ੍ਹਾਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ, ਐਸ ਐਸ ਪੀ ਅਲਕਾ ਮੀਨਾ, ਏ ਡੀ ਸੀ (ਜ) ਅਦਿਤਿਆ ਉੱਪਲ, ਐਸ ਡੀ ਐਮ ਗੜ੍ਹਸ਼ੰਕਰ ਹਰਬੰਸ ਸਿੰਘ, ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨਾਲ ਮੀਟਿੰਗ ਕਰਕੇ, ਜ਼ਿਲ੍ਹੇ ’ਚ ਬਣੇ ਹਾਲਾਤਾਂ ਅਤੇ ਉਨ੍ਹਾਂ ਨਾਲ ਬੜੀ ਨਿਪੁੰਨਤਾ ਨਾਲ ਨਿਪਟਣ ਲਈ ਬਣਾਈ ਗਈ ਕਿਸ ਤਰ੍ਹਾਂ ਦੀ ਰਣਨੀਤੀ ਬਣਾਈ ਗਈ ਬਾਰੇ ਜਾਣਕਾਰੀ ਲਈ। ਵਿਧਾਇਕ ਅੰਗਦ ਸਿੰਘ ਨੇ ਇਸ ਮੌਕੇ ਸ੍ਰੀ ਤਿਵਾੜੀ ਨੂੰ ਜ਼ਿਲ੍ਹੇ ’ਚ ਸਿਹਤ ਵਿਭਾਗ, ਮਾਲ ਵਿਭਾਗ, ਕਲੈਰੀਕਲ ਅਸਾਮੀਆਂ ਅਤੇ ਹੋਰ ਖਾਲੀ ਪਈਆਂ ਅਸਾਮੀਆਂ ਨੂੰ ਪੁਰ ਕਰਕੇ ਜ਼ਿਲ੍ਹੇ ਨੂੰ ਮਜ਼ਬੂਤ ਢਾਂਚਾ ਮੁਹੱਈਆ ਕਰਵਾਉਣ ਲਈ ਆਖਿਆ।
ਸ੍ਰੀ ਤਿਵਾੜੀ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਆਈਸੋਲੇਸ਼ਨ ਵਾਰਡ, ਐਮਰਜੈਂਸੀ ਵਾਰਡ ਅਤੇ ਤੇਜ਼ੀ ਨਾਲ ਬਣ ਰਹੇ ਆਈ ਸੀ ਯੂ ਦਾ ਦੌਰਾ ਵੀ ਕੀਤਾ। ਬਾਅਦ ਵਿੱਚ ਕੇ ਸੀ ਕਾਲਜ ਵਿਖੇ ਬਣਾਏ 400 ਬੈਡ ਦੇ ਕੋਵਿਡ ਕੇਅਰ ਸੈਂਟਰ ਦਾ ਦੌਰਾ ਵੀ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਮ ਐਲ ਏ ਅੰਗਦ ਸਿੰਘ, ਪੰਜਾਬ ਲਾਰਜ ਇੰਡਸਟ੍ਰੀਜ਼ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸਤਬੀਰ ਸਿੰਘ ਪੱਲੀ ਝਿੱਕੀ, ਡੀ ਸੀ ਵਿਨੈ ਬਬਲਾਨੀ, ਐਸ ਐਸ ਪੀ ਅਲਕਾ ਮੀਨਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਬੀਰ ਸਿੰਘ ਪੱਲੀ ਝਿੱਕੀ, ਏ ਡੀ ਸੀ ਅਦਿਤਿਆ ਉੱਪਲ, ਸਿਵਲ ਸਰਜਨ ਡਾ. ਰਜਿੰਦਰ ਭਾਟੀਆ ਅਤੇ ਨਵਾਂਸ਼ਹਿਰ ਦੇ ਐਸ ਐਮ ਓ ਡਾ. ਹਰਵਿੰਦਰ ਸਿੰਘ ਵੀ ਮੌਜੂਦ ਸਨ।
ਫ਼ੋਟੋ ਕੈਪਸ਼ਨ: 01 ਐਮ ਪੀ ਸ੍ਰੀ ਮਨੀਸ਼ ਤਿਵਾੜੀ ਡੀ ਸੀ ਦਫ਼ਤਰ ਵਿਖੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

Share This :

Leave a Reply