ਨਵਾਂਸ਼ਹਿਰ, (ਏ-ਆਰ. ਆਰ. ਐੱਸ. ਸੰਧੂ) ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਉਨ੍ਹਾਂ ਦੇ ਪਿੱਤਰੀ ਰਾਜਾਂ ਨੂੰ ਭੇਜੇ ਜਾਣ ਦੀ ਵਚਨਬੱਧਤਾ ਤਹਿਤ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚੋਂ 578 ਪ੍ਰਵਾਸੀ ਬੱਸਾਂ ਰਾਹੀਂ ਜਲੰਧਰ ਦੇ ਰੇਲਵੇ ਸਟੇਸ਼ਨ ਲਈ ਰਵਾਨਾ ਕੀਤੇ ਗਏ। ਇਹ ਸਾਰੇ ਵਿਅਕਤੀ ਉੱਥੋਂ ਬਿਹਾਰ ਦੀ ਟ੍ਰੇਨ ਰਾਹੀਂ ਆਪੋ-ਆਪਣੇ ਇਲਾਕਿਆਂ ਨੂੰ ਪੁੱਜਣਗੇ।
ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਅਨੁਸਾਰ ਨਵਾਂਸ਼ਹਿਰ ਤੋਂ 103 ਪ੍ਰਵਾਸੀ ਬਿਹਾਰ ਦੇ ਪੁਰਨੀਆਂ, 112 ਪ੍ਰਵਾਸੀ ਬਿਹਾਰ ਦੇ ਹੀ ਸਿਵਾਨ ਲਈ, ਐਸ ਡੀ ਐਮ ਬਲਾਚੌਰ ਜਸਬੀਰ ਸਿੰਘ ਅਨੁਸਾਰ ਬਲਾਚੌਰ ਤੋਂ 160 ਪ੍ਰਵਾਸੀ ਸਿਵਾਨ ਜਾਣ ਲਈ ਅਤੇ ਐਸ ਡੀ ਐਮ ਬੰਗਾ ਦੀਪਜੋਤ ਕੌਰ ਅਨੁਸਾਰ ਬੰਗਾ ਤੋਂ ਅੱਜ 137 ਪ੍ਰਵਾਸੀ ਪੁਰਨੀਆਂ ਅਤੇ 66 ਮਧੂਬਨੀ ਜਾਣ ਲਈ ਰੇਲਵੇ ਸਟੇਸ਼ਨ ਜਲੰਧਰ ਬੱਸਾਂ ਰਾਹੀਂ ਭੇਜੇ ਗਏ ।
ਜ਼ਿਕਰਯੋਗ ਹੈ ਕਿ ਹੁਣ ਤੱਕ ਜ਼ਿਲ੍ਹੇ ’ਚੋਂ ਆਪਣੇ ਰਾਜਾਂ ਨੂੰ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ 2616 ਹੋ ਚੁੱਕੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਸਬੰਧਤ ਰੇਲਵੇ ਸਟੇਸ਼ਨ ਤੱਕ ਜਾਣ ਲਈ ਮੁਫ਼ਤ ਬੱਸ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਮੌਕੇ ਕੁਲਵੰਤ ਸਿੰਘ ਸਿੱਧੂ ਤਹਿਸੀਲਦਾਰ ਨਵਾਂਸ਼ਹਿਰ, ਬਲਵਿੰਦਰ ਸਿੰਘ ਤੋਂ ਇਲਾਵਾ ਪ੍ਰਸ਼ਾਸ਼ਨਿਕ ਅਧਿਕਾਰੀ ਤੇ ਪਤਵੰਤੇ ਸੱਜਣ ਹਾਜ਼ਰ ਸਨ।