
ਨਵਾਂ ਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਾਏ ਗਏ ਕਰਫ਼ਿਊ ਤੋਂ ਬਾਅਦ ਸਬਜ਼ੀ ਮੰਡੀ ’ਚ ਸਬਜ਼ੀਆਂ ਦੇ ਭਾਅ ਸਥਿਤ ਰੱਖਣ ਲਈ ਅਧਿਕਾਰੀਆਂ ਦੇ ਨਾਲ-ਨਾਲ ਮਾਰਕੀਟ ਕਮੇਟੀ ਨਵਾਂਸ਼ਹਿਰ ਦੇ ਚੇਅਰਮੈਨ ਚਮਨ ਸਿੰਘ ਭਾਨ ਮਜਾਰਾ ਵੀ ਡਟ ਗਏ ਹਨ।

ਪਿਛਲੇ ਕਈ ਦਿਨਾਂ ਤੋਂ ਸ੍ਰੀ ਭਾਨ ਮਜਾਰਾ ਲਗਾਤਾਰ ਜ਼ਿਲ੍ਹਾ ਹੈਡਕੁਆਰਟਰ ਦੀ ਮੁੱਖ ਮੰਡੀ ਨਵਾਂਸ਼ਹਿਰ ਵਿਖੇ ਸਵੇਰੇ ਤੜਕਸਾਰ ਪੁੱਜ ਰਹੇ ਹਨ ਅਤੇ ਸਬਜ਼ੀਆਂ ਦੀ ਬੋਲੀ ਆਪਣੀ ਹਾਜ਼ਰੀ ’ਚ ਕਰਵਾ ਰਹੇ ਹਨ। ਉਨ੍ਹਾਂ ਵੱਲੋਂ ਸਮੂਹ ਆੜ੍ਹਤੀਆਂ ਅਤੇ ਅੱਗੋਂ ਸਬਜ਼ੀਆਂ ਲੈਣ ਵਾਲਿਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਹਾਲਤ ’ਚ ਸਬਜ਼ੀਆਂ/ਫਲਾਂ ਦੀ ਵਿੱਕਰੀ ਦਾ ਕੁੱਲ ਮੁਨਾਫ਼ਾ 20 ਫ਼ੀਸਦੀ ਤੋਂ ਵਧਣਾ ਨਹੀਂ ਚਾਹੀਦਾ। ਉਨ੍ਹਾਂ ਵੱਲੋਂ ਬਾਕਾਇਦਾ ਆਪਣੂ ਹਾਜ਼ਰੀ ’ਚ ਬੋਲੀ ਕਰਵਾਉਣ ਬਾਅਦ, ਮਾਰਕੀਟ ਕਮੇਟੀ ਦੇ ਸਟਾਫ਼ ਰਾਹੀਂ ਰੇਹੜੀਆਂ ’ਤੇ ਰੋਜ਼ਾਨਾ ਦੇ ਸਬਜ਼ੀਆਂ/ਫਲਾਂ ਦੇ ਰੇਟ ਵੀ ਲਗਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਦੇ ਸਮੇਂ ਜਦੋਂ ਲੋਕ ਅਤੇ ਸੰਸਥਾਂਵਾਂ ਆਪਣੇ ਪੱਧਰ ’ਤੇ ਲੋੜਵੰਦ ਲੋਕਾਂ ਲਈ ਦਾਨ ਕਰ ਰਹੇ ਹਨ ਤਾਂ ਅਜਿਹੇ ਸਮੇਂ ’ਚ ਉਨ੍ਹਾਂ ਦੀ ਸਬਜ਼ੀਆਂ ਜਾਂ ਜ਼ਰੂਰੀ ਵਸਤਾਂ ਦੇ ਨਾਮ ’ਤੇ ਲੁੱਟ ਕਰਨਾ ਬਹੁਤ ਹੀ ਸ਼ਰਮਨਾਕ ਕਾਰਾ ਹੈ। ਉਨ੍ਹਾਂ ਨੇ ਮਾਰਕੀਟ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਨੂੰ ਇਨ੍ਹਾਂ ਦੀ ਬਾਕਾਇਦਾ ਚੈਕਿੰਗ ਕਰਨ ਅਤੇ ਕਸੂਰਵਾਰ ਪਾਏ ਜਾਣ ’ਤੇ ਲਾਇਸੰਸ ਕੈਂਸਲ ਕਰਨ ਸਮੇਤ ਕੋਈ ਵੀ ਕਾਰਵਾਈ ਤੁਰੰਤ ਅਮਲ ’ਚ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।
ਦੂਜੇ ਪਾਸੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵੱਲੋਂ ਕਲ੍ਹ ਜ਼ਿਲ੍ਹਾ ਮੰਡੀ ਅਫ਼ਸਰ ਮੁਕੇਸ਼ ਕੈਲੇ ਨੂੰ ਸਬਜ਼ੀਆਂ ਦੇ ਅਸਮਾਨੀਂ ਚੜ੍ਹੇ ਭਾਅ ਨੂੰ ਥੱਲੇ ਲੈ ਕੇ ਆਉਣ ਅਤੇ ਮੰਡੀਆਂ ’ਚੋਂ ਨਿਕਲਦੀਆਂ ਰੇਹੜੀਆਂ ’ਤੇ ਭਾਅ ਦੀ ਸੂਚੀ ਚਿਪਕਾਉਣ ਦੇ ਹੁਕਮਾਂ ’ਤੇ ਅੱਜ ਤੋਂ ਅਮਲ ਸ਼ੁਰੂ ਹੋ ਗਿਆ ਹੈ। ਸ੍ਰੀ ਕੈਲੇ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤਿੰਨਾਂ ਮਾਰਕੀਟ ਕਮੇਟੀਆਂ ਦੇ ਸਟਾਫ਼ ਨੂੰ ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਸਖਤੀ ਨਾਲ ਅਮਲ ਕਰਨ ਦੀ ਹਦਾਇਤ ਕੀਤੀ ਸੀ ਅਤੇ ਅੱਜ ਤੋਂ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ ਵਿਖੇ ਸਬਜ਼ੀ ਵੇਚਣ ਵਾਲੀਆਂ ਰੇਹੜੀਆਂ ’ਤੇ ਭਾਅ ਦੀ ਸੂਚੀ ਲਾ ਦਿੱਤੀ ਗਈ ਹੈ।




















