ਨਵਾਂਸ਼ਹਿਰ/ਬਲਾਚੌਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪ੍ਰਸ਼ਾਸਨ ਵੱਲੋਂ ਅੱਜ ਸਵੇਰ ਰਿਆਤ ਕੈਂਪਸ ਰੈਲਮਾਜਰਾ ਇਕਾਂਤਵਾਸ ’ਚ ਵਿਦੇਸ਼ ਤੋਂ ਪਰਤੇ ਯਾਤਰੀਆਂ ਨੂੰ ਅੱਜ ਸ਼ਾਮ ਉਨ੍ਹਾਂ ਦੀ ਇੱਛਾ ਮੁਤਾਬਕ ਨਿੱਜੀ ਹੋਟਲਾਂ ’ਚ ਤਬਦੀਲ ਕਰ ਦਿੱਤਾ ਗਿਆ।
ਐਸ ਡੀ ਐਮ ਬਲਾਚੌਰ ਜਸਬੀਰ ਸਿੰਘ ਅਨੁਸਾਰ ਇਨ੍ਹਾਂ ’ਚ ਦੋ ਮਹਿਲਾਵਾਂ ਤੇ ਪੰਜ ਵਿਅਕਤੀ ਸ਼ਾਮਿਲ ਹਨ। ਇਨ੍ਹਾਂ ਨੂੰ ਅੱਜ ਸਵੇਰੇ ਇੱਥੇ ਪੁੱਜਣ ’ਤੇ ਫ੍ਰੈਸ਼ ਹੋਣ ਲਈ ਕਮਰੇ ਦਿੱਤੇ ਗਏ ਅਤੇ ਬਾਅਦ ’ਚ ਸਵੇਰ ਦਾ ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਵੀ ਉਪਲਬਧ ਕਰਵਾਇਆ ਗਿਆ। ਬਾਅਦ ਵਿੱਚ ਡਾ ਗੁਰਿੰਦਰਜੀਤ ਸਿੰਘ ਐਸ ਐਮ ਓ ਕਾਠਗੜ੍ਹ ਦੀ ਅਗਵਾਈ ਹੇਠਲੀ ਮੈਡੀਕਲ ਟੀਮ ਵੱਲੋਂ ਇਨ੍ਹਾਂ ਦਾ ਚੈਅਕਪ ਕੀਤਾ ਗਿਆ ਅਤੇ ਇਨ੍ਹਾਂ ਦੇ ਸੈਂਪਲ ਲਏ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ ਦੋ ਮਹਿਲਾਵਾਂ ਨੂੰ ਬਲਾਚੌਰ ਦੇ ਇੱਕ ਹੋਟਲ ’ਚ ਠਹਿਰਾਇਆ ਗਿਆ ਹੈ ਜਦਕਿ ਬਾਕੀਆਂ ਨੂੰ ਬੰਗਾ ਦੇ ਹੈਵਨ ਹੋਟਲ ’ਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਇਕਾਂਤਵਾਸ ’ਚ ਠਹਿਰਣ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਖਰਚ ਨਹੀਂ ਲਿਆ ਜਾਂਦਾ ਪਰੰਤੂ ਜੇਕਰ ਵਿਦੇਸ਼ ਤੋਂ ਪਰਤਿਆ ਵਿਅਕਤੀ ਹੋਟਲ ਠਹਿਰਨਾ ਚਾਹੁੰਦਾ ਹੈ ਤਾਂ ਉਸ ਨੂੰ ਆਪਣਾ ਖਰਚਾ ਆਪ ਚੁੱਕਣਾ ਪਵੇਗਾ।