ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨੇ ਜ਼ਿਲ੍ਹੇ ’ਚ ਲਾਕਡਾਊਨ ਦੌਰਾਨ ਫ਼ਸੇ ਦੂਸਰੇ ਰਾਜਾਂ ਦੇ ਵਸਨੀਕਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ’ਚ ਭੇਜਣ ਦੀ ਪਹਿਲ ਕਦਮੀ ਤਹਿਤ ਅੱਜ ਤਹਿਸੀਲ 221 ਕਸ਼ਮੀਰੀ ਵਿਅਕਤੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਲਈ ਰਵਾਨਾ ਕੀਤਾ ਗਿਆ । ਤਹਿਸੀਲ ਨਵਾਂਸ਼ਹਿਰ ਦੇ ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦੇ ਆਦੇਸ਼ਾਂ ’ਤੇ ਕਲ੍ਹ ਜ਼ਿਲ੍ਹੇ ’ਚੋਂ 150 ਯਾਤਰੀਆਂ ਨੂੰ ਕਸ਼ਮੀਰ ਭੇਜਿਆ ਗਿਆ ਸੀ ਅਤੇ ਬਾਕੀ ਰਹਿੰਦੇ ਤਹਿਸੀਲ ਨਵਾਂਸ਼ਹਿਰ ਵਿੱਚੋਂ 133 ਅਤੇ ਤਹਿਸੀਲ ਬੰਗਾ ਵਿੱਚੋਂ 88 ਵਿਅਕਤੀਆਂ ਨੂੰ ਅੱਜ ਪੰਜਾਬ ਰੋਡਵੇਜ਼ ਦੀਆਂ ਬੱਸਾਂ ’ਚ ਰਵਾਨਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਪੈਦਾ ਹੋਏ ਹਾਲਾਤਾਂ ’ਚ ਹਰੇਕ ਵਿਅਕਤੀ ਆਪਣੇ ਗ੍ਰਹਿ ਰਾਜ ਜਾਣ ਦਾ ਚਾਹਵਾਨ ਹੈ, ਜਿਸ ਲਈ ਉਨ੍ਹਾਂ ਲਈ ਵਿਸ਼ੇਸ਼ ਪ੍ਰਬੰਧ ਕਰਕੇ ਪੰਜਾਬ ਸਰਕਾਰ ਵੱਲੋਂ ਇੱਕ ਚੰਗੀ ਮਿਸਾਲ ਪੇਸ਼ ਕੀਤੀ ਗਈ ਹੈ। ਸ੍ਰੀ ਜੌਹਲ ਅਨੁਸਾਰ ਰਮਜ਼ਾਨ ਦੇ ਰੋਜ਼ੇ ਚਲਦੇ ਹੋਣ ਕਾਰਨ ਇਹ ਸਾਰੇ ਵਿਅਕਤੀ ਆਪਣੇ ਘਰਾਂ ਨੂੰ ਜਾਣ ਦੇ ਚਾਹਵਾਨ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਅੱਜ ਸਵੇਰ ਦਾ ਨਾਸ਼ਤਾ ਕਰਵਾਉਣ ਬਾਅਦ ਇੱਕ ਐਨ ਜੀ ਓ ਵੱਲੋਂ ਜਾਣ ਵੇਲੇ ਪਾਣੀ ਦੀਆਂ ਬੋਤਲਾਂ ਅਤੇ ਬਿਸਕੁਟ ਦੇ ਪੈਕੇਟ ਨਾਲ ਮੁਹੱਈਆ ਕਰਵਾਏ ਗਏ ਸਨ। ਇਸ ਮੌਕੇ ਬੱਸਾਂ ’ਚ ਸਵਾਰ ਕਸ਼ਮੀਰੀ ਜਿੱਥੇ ਆਪਣੇ ਘਰ ਜਾਣ ਦਾ ਪ੍ਰਬੰਧ ਹੋਣ ’ਤੇ ਬਹੁਤ ਖੁਸ਼ ਸਨ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਪ੍ਰਗਟਾਅ ਰਹੇ ਸਨ। ਇਸ ਮੌਕੇ ਤਹਿਸੀਲਦਾਰ ਨਵਾਂਸ਼ਹਿਰ ਕੁਲਵੰਤ ਸਿੰਘ ਵੀ ਮੌਜੂਦ ਸਨ। ਵਰਨਣਯੋਗ ਹੈ ਕਿ ਇਨ੍ਹਾਂ ਦੋ ਦਿਨਾਂ ’ਚ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨੇ ਤਹਿਸੀਲ ਨਵਾਂਸ਼ਹਿਰ, ਤਹਿਸੀਲ ਬੰਗਾ ਅਤੇ ਤਹਿਸੀਲ ਬਲਾਚੌਰ ਵਿਚੋ ਕੁੱਲ 371 ਕਸ਼ਮੀਰੀਆਂ ਨੂੰ ਉਨ੍ਹਾਂ ਦੇ ਘਰ ਮੁਫ਼ਤ ਬੱਸਾਂ ਦਾ ਪ੍ਰਬੰਧ ਕਰਕੇ ਭੇਜਿਆ ਗਿਆ ਹੈ।