ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਕੋਰੋਨਾ ਤੋਂ ਮੁਕਤ ਕਰਨ ਦੀ ਜੰਗ ਵਿਚ 530 ਆਸ਼ਾ ਵਰਕਰਾਂ ਵੀ ਮੋਹਰੀ ਜਰਨੈਲ ਬਣੀਆਂ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਕੋਰਨਾ ਵਾਇਰਸ ਦੀ ਜੱਦ ’ਚ ਆਏ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੂੰ ਮੁਕਤ ਕਰਨ ਲਈ ਲੜੀ ਜਾ ਰਹੀ ਜੰਗ ਵਿਚ 530 ਆਸ਼ਾ ਵਰਕਰਾਂ ਵੀ ਮੋਹਰੀ ਜਰਨੈਲ ਬਣ ਕੇ ਆਪਣਾ ਯੋਗਦਾਨ ਪਾ ਰਹੀਆਂ ਹਨ। ਇਨ੍ਹਾਂ ਆਸ਼ਾ ਵਰਕਰਾਂ ਵੱਲੋਂ ਜ਼ਿਲ੍ਹੇ ਦੇ ਘਰ ਘਰ ਜਾ ਕੇ ਪਰਿਵਾਰਿਕ ਮੈਂਬਰਾਂ ਦੀ ਸਿਹਤ ਬਾਰੇ ਵਿਸਥਾਰ ਨਾਲ ਪੁੱਛਿਆ ਜਾਂਦਾ ਹੈ ਅਤੇ ਰਿਪੋਰਟ ਆਪਣੇ ਸਿਹਤ ਬਲਾਕ ਦੇ ਐਸ ਐਮ ਓ ਰਾਹੀਂ ਸਿਵਲ ਸਰਜਨ ਦਫ਼ਤਰ ਨੂੰ ਭੇਜੀ ਜਾਂਦੀ ਹੈ। ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਆਸ਼ਾ ਵਰਕਰਾਂ ਵੱਲੋਂ ਇਸ ਸੰਕਟਕਾਲੀਨ ਸਮੇਂ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਆਂਗਨਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਵੱਲੋਂ ਨਿਭਾਈ ਜਾ ਰਹੀ ਸੇਵਾ ਜ਼ਿਲ੍ਹਾ ਪ੍ਰਸ਼ਾਸਨ ਲਈ ਬਹੁਤ ਹੀ ਮੱਦਦਗਾਰ ਸਾਬਿਤ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਆਸ਼ਾ ਵਰਕਰਾਂ ਘਰ-ਘਰ ਜਾ ਕੇ ਲੋਕਾਂ ਦੀ ਖੈਰ-ਸੁੱਖ ਪੁੱਛ ਰਹੀਆਂ ਹਨ ਉੱਥੇ ਆਂਗਨਵਾੜੀ ਵਰਕਰਾਂ ਵਿਦੇਸ਼ੋਂ ਪਰਤੇ ਵਿਅਕਤੀਆਂ ਨੂੰ ਘਰਾਂ ’ਚ ਕੁਆਰਨਟਾਈਨ ਕਰਨ ਅਤੇ ਉਨ੍ਹਾਂ ’ਚ ਕੋਵਿਡ-19 ਦੇ ਲੱਛਣਾਂ ਬਾਰੇ ਰੋਜ਼ਾਨਾ ਜਾਣਕਾਰੀ ਲੈਣ ਵਿਚ ਅਹਿਮ ਭੂਮਿਕਾ ਨਿਭਾਅ ਰਹੀਆ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਦਿਹਾਤੀ ਅਤੇ ਸ਼ਹਿਰੀ ਖੇਤਰ ’ਚ ਆਸ਼ਾ ਵਰਕਰਾਂ ਆਪਣੀ ਪ੍ਰਗਤੀ ਕਰਮਵਾਰ 102 ਫ਼ੀਸਦੀ ਅਤੇ 101 ਫ਼ੀਸਦੀ ਦਿਖਾ ਚੁੱਕੀਆਂ ਹਨ । ਮੰਡੀਆਂ ਦਾ ਸੀਜ਼ਨ ਹੋਣ ਕਾਰਨ ਆਸ਼ਾ ਵਰਕਰਾਂ ਵੱਲੋਂ ਜਲਦ ਹੀ ਜ਼ਿਲ੍ਹੇ ਦੇ ਦੂਜਾ ਦੌਰ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ’ਚ ਦਿਹਾਤੀ ਇਲਾਕੇ ’ਚ ਇਨ੍ਹਾਂ ਆਸ਼ਾ ਵਰਕਰਾਂ ਵੱਲੋਂ 104323 ਘਰਾਂ ਦੇ ਟੀਚੇ ਦੇ ਮੁਕਾਬਲੇ ਦੂਸਰਾ ਗੇੜ ਸ਼ੁਰੂ ਕਰਕੇ ਕੱਲ੍ਹ ਸ਼ਾਮ ਤੱਕ 106680 ਘਰਾਂ ’ਚ ਜਾ ਕੇ ਸਿਹਤ ਜਾਂਚ ਕੀਤੀ ਜਾ ਚੁੱਕੀ ਹੈ ਜਦਕਿ ਸ਼ਹਿਰੀ ਖੇਤਰ ’ਚ 23896 ਘਰਾਂ ’ਚ ਸਿਹਤ ਨਿਰੀਖਣ ਕਰ ਚੁੱਕੀਆਂ ਹਨ। ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ ਅਨੁਸਾਰ ਪਿੰਡਾਂ ਵਿਚ ਇੱਕ ਆਸ਼ਾ ਵਰਕਰ ਨੂੰ 1000 ਦੀ ਆਬਾਦੀ ਦੀ ਜ਼ਿੰਮੇਂਵਾਰੀ ਸੌਂਪੀ ਹੋਈ ਹੈ ਅਤੇ ਸ਼ਹਿਰਾਂ ’ਚ 1500 ਦੀ ਆਬਾਦੀ ਪਿੱਛੇ ਇੱਕ ਆਸ਼ਾ ਵਰਕਰ ਤਾਇਨਾਤ ਹੈ। ਜ਼ਿਲ੍ਹੇ ਵਿਚ ਇਸ ਮੌਕੇ ਕੋਵਿਡ-19 ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਮਰੀਜ਼ ਦੀ ਪੜਤਾਲ ਲਈ 530 ਆਸ਼ਾ ਵਰਕਰ ਪੂਰੀ ਲਗਨ ਨਾਲ ਕੰਮ ਕਰ ਰਹੀਆਂ ਹਨ। ਇਹ ਵਰਕਰਾਂ ਘਰ-ਘਰ ਜਾ ਕੇ ਸਭ ਤੋਂ ਪਹਿਲਾਂ ਪਰਿਵਾਰਿਕ ਮੈਂਬਰਾਂ ਦੀ ਜਾਣਕਾਰੀ ਇਕੱਤਰ ਕਰਦੀਆਂ ਹਨ, ਫ਼ਿਰ ਉਨ੍ਹਾਂ ’ਚੋਂ ਕਿਸੇ ਨੂੰ ਵੀ ਕੋਵਿਡ ਅਤੇ ਫ਼ਲੂ ਦੇ ਪੰਜ ਲੱਛਣ ਜਿਨ੍ਹਾਂ ’ਚ ਤੇਜ਼ ਬੁਖਾਰ, ਖੰਘ, ਸਾਹ ਲੈਣ ’ਚ ਤਕਲੀਫ਼, ਜ਼ੁਕਾਮ, ਗਲਾ ਖਰਾਬ ਆਦਿ ਬਾਰੇ ਪੁੱਛਿਆ ਜਾਂਦਾ ਹੈ ਅਤੇ ਉਸ ਸਬੰਧੀ ਐਸ ਐਮ ਓਜ਼ ਰਾਹੀਂ ਸਿਵਲ ਸਰਜਨ ਦਫ਼ਤਰ ਰਿਪੋਰਟ ਭੇਜੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਕਿਸੇ ਘਰ ’ਚ ਐਸ ਐਮ ਓ ਨੂੰ ਕੋਈ ਮਰੀਜ਼ ਕੋਵਿਡ-19 ਦੇ ਸ਼ੱਕੀ ਮਰੀਜ਼ ਦੇ ਲੱਛਣਾਂ ਵਾਲਾ ਜਾਪਦਾ ਹੈ ਤਾਂ ਤੁਰੰਤ ਉਸ ਦੀ ਜਾਂਚ ਰੈਪਿਡ ਰਿਸਪੌਂਸ ਟੀਮ ਪਾਸੋਂ ਕਰਵਾਈ ਜਾਂਦੀ ਹੈ ਅਤੇ ਲੋੜ ਪੈਣ ’ਤੇ ਤੁਰੰਤ ਸੈਂਪਲਿੰਗ ਟੀਮ ਪਾਸੋਂ ਟੈਸਟ ਕਰਵਾਇਆ ਜਾਂਦਾ ਹੈ।

Share This :

Leave a Reply