ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਸੁਨਾਮ ਵਿਖੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਲੋਕਾਂ ਦੀ ਸੁਵਿਧਾ ਵਜੋਂ ਵਿਸ਼ੇਸ਼ ਵਾਟਰ ਟੈਂਕੀ ਸਥਾਪਿਤ

 ਸਾਬਣ ਯੁਕਤ ਪਾਣੀ ਨਾਲ ਹੱਥ ਧੋਣ ਤੋਂ ਬਾਅਦ ਮੈਲਾ ਪਾਣੀ ਟੈਂਕੀ ਅੰਦਰ ਹੀ ਹੋਵੇਗਾ ਸਟੋਰ

ਸੁਨਾਮ /ਸੰਗਰੂਰ, 18 ਅਪ੍ਰੈਲ:(ਅਜੈਬ ਸਿੰਘ ਨੂੰ ਮੋਰਾਂ ਵਾਲੀ )  ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕਣਕ ਦੀ ਖਰੀਦ ਦੌਰਾਨ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਅਧਿਕਾਰੀਆਂ ਸਮੇਤ ਵੱਖ-ਵੱਖ ਵਰਗਾਂ ਨੂੰ ਕਰੋਨਾ ਵਾਇਰਸ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਲਈ ਵੱਖ ਵੱਖ ਉੱਦਮ ਕੀਤੇ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਵੱਖ-ਵੱਖ ਸੰਸਥਾਵਾਂ,ਉਦਯੋਗਪਤੀਆਂ, ਦਾਨੀ ਸੱਜਣਾਂ ਨੂੰ ਮਨੁੱਖਤਾ ਦੀ ਸੇਵਾ ਲਈ ਪ੍ਰਸਾਸ਼ਨ ਦੇ ਉਦਮਾਂ ਵਿੱਚ ਆਪਣਾ ਬਣਦਾ ਹਿੱਸਾ ਪਾਉਣ ਦਾ ਵੀ ਸੱਦਾ ਦਿੱਤਾ ਜਾ ਰਿਹਾ ਹੈ।


ਕਣਕ ਦੇ ਖਰੀਦ ਸੀਜ਼ਨ ਦੇ ਚਲਦਿਆਂ ਸੁਨਾਮ ਊਧਮ ਸਿੰਘ ਵਾਲਾ ਦੀ ਅਨਾਜ ਮੰਡੀ ਵਿਖੇ ਆਉਣ ਵਾਲੇ ਵੱਡੀ ਗਿਣਤੀ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਲੋਕਾਂ ਦੀ ਸੁਵਿਧਾ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਵਿਸ਼ੇਸ਼ ਕਿਸਮ ਦੀ ਵਾਟਰ ਟੈਂਕੀ ਤਿਆਰ ਕਰਵਾਈ ਗਈ ਹੈ।ਇਹ ਵਾਟਰ ਟੈਂਕੀ ਜਗਤਜੀਤ ਇੰਡਸਟਰੀ ਵੱਲੋਂ ਤਿਆਰ ਕੀਤੀ ਗਈ ਹੈ ਜਿਸ ਨੂੰ ਆਸਾਨੀ ਨਾਲ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾ ਸਕਦਾ ਹੈ। ਅੱਜ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਸ ਟੈਂਕੀ ਨੂੰ ਅਨਾਜ ਮੰਡੀ ਸੁਨਾਮ ਵਿਖੇ ਐਸ.ਡੀ.ਐਮ ਮਨਜੀਤ ਕੌਰ , ਸੀਨੀਅਰ ਕਾਂਗਰਸੀ ਆਗੂ ਦਾਮਨ ਥਿੰਦ ਬਾਜਵਾ, ਚੇਅਰਮੈਨ ਮਾਰਕਿਟ ਕਮੇਟੀ ਮਨੀਸ਼ ਸੋਨੀ, ਤਹਿਸੀਲਦਾਰ ਕੁਲਦੀਪ ਸਿੰਘ, ਸੀਨੀਅਰ ਆਗੂ ਹਰਮਨ ਬਾਜਵਾ ਅਤੇ ਜਗਤਜੀਤ ਸਿੰਘ ਦੀ ਮੌਜੂਦਗੀ ‘ਚ ਸਥਾਪਿਤ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆ ਐਸ.ਡੀ.ਐਮ ਮਨਜੀਤ ਕੌਰ ਨੇ ਦੱਸਿਆ ਕਿ ਇਸ ਟੈਂਕੀ ਦੇ ਦੋਵੇਂ ਪਾਸੇ ਤਿੰਨ-ਤਿੰਨ ਟੂਟੀਆਂ ਲਗਾਈਆਂ ਗਈਆਂ ਹਨ ਜੋ ਕਿ ਪੈਡਲ ਨਾਲ ਚੱਲਦੀਆਂ ਹਨ।ਉਨ੍ਹਾਂ ਦੱਸਿਆ ਕਿ ਸਾਬਣ ਯੁਕਤ ਪਾਣੀ ਨਾਲ ਹੱਥ ਧੋਣ ਦੀ ਕਿਰਿਆ ਤੋਂ ਬਾਅਦ ਵਰਤਿਆ ਹੋਇਆ ਗੰਦਾ ਪਾਣੀ ਇਸ ਟੈਂਕੀ ਦੇ ਹੇਠਲੇ ਅੰਦਰੂਨੀ ਹਿੱਸੇ ਵਿਚ ਬਣੇ ਸਟੋਰੇਜ ਟੈਂਕ ਵਿੱਚ ਜਮ੍ਹਾਂ ਹੋ ਜਾਂਦਾ ਹੈ ਅਤੇ ਆਲੇ-ਦੁਆਲੇ ਬਿਲਕੁਲ ਵੀ ਪਾਣੀ ਨਹੀਂ ਡਿੱਗਦਾ ਅਤੇ ਸ਼ਾਮ ਸਮੇਂ ਇਸ ਗੰਦੇ ਪਾਣੀ ਦੀ ਨਿਕਾਸੀ ਕਿਸੇ ਵੀ ਖਾਲੀ ਸਥਾਨ ‘ਤੇ ਕਰਵਾਈ ਜਾ ਸਕਦੀ ਹੈ।
ਇਸ ਮੌਕੇ ਸ੍ਰੀਮਤੀ ਦਾਮਨ ਥਿੰਦ ਬਾਜਵਾ ਨੇ ਦੱਸਿਆ ਕਿ ਸੁਨਾਮ ਵਿਖੇ ਅਜਿਹੀ ਹੀ ਸੁਵਿਧਾਜਨਕ ਇਕ ਹੋਰ ਟੈਂਕੀ ਵੀ ਸਥਾਪਿਤ ਕਰਵਾਈ ਜਾਵੇਗੀ ਅਤੇ ਉਸ ਤੋਂ ਬਾਅਦ ਚੀਮਾ ਅਤੇ ਲੌਂਗੋਵਾਲ ਦੀਆਂ ਅਨਾਜ ਮੰਡੀਆਂ ਵਿੱਚ ਅਜਿਹੀ ਹੀ ਟੈਂਕੀ ਲਗਵਾਉਣ ਦੇ ਉਪਰਾਲੇ ਕੀਤੇ ਜਾਣਗੇ।ਇਸ ਉਪਰੰਤ ਇਨ੍ਹਾਂ ਸਖਸ਼ੀਅਤਾਂ ਵੱਲੋਂ ਅਨਾਜ ਮੰਡੀ ਦਾ ਦੌਰਾ ਕਰਦਿਆਂ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਨਾਲੋਂ-ਨਾਲ ਜਿਣਸ ਦੀ ਚੁਕਾਈ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਸਬੰਧੀ ਵੀ ਆਖਿਆ ਗਿਆ।
ਇਸ ਮੌਕੇ ਐਸ.ਡੀ.ਐਮ ਨੇ ਕਿਹਾ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਸਬ-ਡਵੀਜ਼ਨ ਜਾਂ ਅਨਾਜ ਮੰਡੀਆਂ ਵਿੱਚ ਸਮੁੱਚੇ ਸੀਜ਼ਨ ਦੌਰਾਨ ਵਿਸ਼ੇਸ਼ ਸਾਵਧਾਨੀਆਂ ਵਰਤਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਖਰੀਦ ਅਮਲੇ ਨੂੰ ਸਮਾਜਿਕ ਦੂਰੀ, ਮਾਸਕ, ਹੱਥਾਂ ਦੀ ਨਿਯਮਤ ਸਾਫ਼-ਸਫ਼ਾਈ ਸਬੰਧੀ ਲਗਾਤਾਰ ਜਾਗਰੂਕ ਕਰਵਾਇਆ ਜਾ ਰਿਹਾ ਹੈ।

Share This :

Leave a Reply