ਪਟਿਆਲਾ (ਅਰਵਿੰਦਰ ਸਿੰਘ) ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ‘ਤੇ ਸੂਬੇ ਭਰ ਵਿੱਚ ਵਾਤਾਵਰਣ ਸਵੱਛਤਾ ਲਈ ਚਲਾਈ ਮੁਹਿੰਮ ਤਹਿਤ ਪਿੱਛਲੇ ਸਾਲ ਦੇ ਅਗਸਤ ਮਹੀਨੇ ‘ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਦੇ ਬਲਾਕ-ਡੀ ਦੇ ਪਿਛਲੇ ਪਾਸੇ ਲਾਏ ‘ਗੁਰੂ ਕਾ ਬਾਗ’ ਵਿੱਚ ਲਗਾਏ ਫ਼ਲਦਾਰ ਬੂਟਿਆਂ ਤੇ ਵੱਖ-ਵੱਖ ਕਿਸਮਾਂ ਦੇ ਫੁੱਲਾਂ ਦੀਆਂ ਫੁਲਵਾੜੀਆਂ ਪੂਰੇ ਜੋਬਨ ‘ਤੇ ਹਨ ਤੇ ਮਹਿਕਾਂ ਬਿਖੇਰ ਰਹੀਆਂ ਹਨ।
ਵਣ ਵਿਭਾਗ, ਬਾਗਬਾਨੀ ਵਿਭਾਗ ਅਤੇ ਸਮਾਜ ਸੇਵੀ ਸੰਸਥਾ ਬਸੰਤ ਰਿਤੂ ਯੂਥ ਕਲੱਬ ਦੇ ਸਹਿਯੋਗ ਨਾਲ ਵਿਕਸਤ ਕੀਤੇ ਗਏ ਇਸ ਬਾਗ ਵਿੱਚ ਜਿਥੇ ਵੱਖ-ਵੱਖ ਕਿਸਮਾਂ ਦੇ 113 ਫ਼ਲਦਾਰ ਬੂਟੇ ਲਗਾਏ ਗਏ ਉਥੇ ਹੀ ਰੰਗ-ਬਰੰਗੇ ਫੁੱਲ ਵੀ ਲਗਾਏ ਗਏ ਜੋ ਹੁਣ ਪੂਰੇ ਜੋਬਨ ‘ਤੇ ਹਨ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਫੁੱਲਾਂ ਦੀ ਖੁਸ਼ਬੂ ਬਿਖੇਰ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹੇ ਦੇ 1038 ਪਿੰਡਾਂ ‘ਚ ਬੂਟੇ ਲਗਾਏ ਗਏ ਹਨ ਅਤੇ ਸ਼ਹਿਰਾਂ ‘ਚ ਨਾਨਕ ਬਗੀਚੀਆਂ ਵੀ ਵਿਕਸਤ ਕੀਤੀਆਂ ਗਈ ਹਨ। ਉਨ੍ਹਾਂ ਦੱਸਿਆ ਕਿ ਪਿੱਛਲੇ ਸਾਲ ਅਗਸਤ ਮਹੀਨੇ ‘ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੀ ‘ਗੁਰੂ ਕਾ ਬਾਗ’ ਵਿਕਸਤ ਕੀਤਾ ਗਿਆ ਸੀ ਜਿਸ ਵਿੱਚ ਫ਼ਲਦਾਰ ਬੂਟਿਆਂ ਤੋਂ ਇਲਾਵਾ ਅਲੱਗ-ਅਲੱਗ ਕਿਸਮ ਦੇ ਮੌਸਮੀ ਫੁੱਲ ਵੀ ਲਗਾਏ ਗਏ ਸਨ ਉਨ੍ਹਾਂ ਦੱਸਿਆ ਕਿ ਹੁਣ ਮੌਸਮ ਅਨੁਸਾਰ ਸਾਰੇ ਫੁੱਲ ਖਿੜਕੇ ਕੰਪਲੈਕਸ ਵਿੱਚ ਆਉਣ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਏ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਬਾਗ ‘ਚ ਅਮਰੂਦ, ਅੰਬ, ਬਿਲ, ਜਾਮਣ ਸਮੇਤ ਹੋਰ ਫ਼ਲਦਾਰ ਬੂਟੇ ਸ਼ਾਮਲ ਹਨ। ਜਦੋਂਕਿ ਸੁਹੰਜਣਾ, ਬਿਲ, ਕਰੌਂਦਾ, ਆਲੂ ਬੁਖ਼ਾਰਾ ਸਮੇਤ ਹੋਰ ਰਵਾਇਤੀ ਬੂਟੇ ਵੀ ਲਗਾਏ ਗਏ ਅਤੇ ਮੌਸਮੀ ਫੁੱਲਾਂ ‘ਚ ਬਰਫ਼, ਲੋਪਿੰਨ, ਕੈਨੇਡੋਲਾ ਅਤੇ ਡਾਂਗ ਫ਼ਲਵਾਰ ਲੱਗੇ ਹੋਏ ਹਨ। ਸ੍ਰੀ ਕੁਮਾਰ ਅਮਿਤ ਨੇ ਇਸ ਮੌਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਬਸੰਤ ਰਿਤੂ ਯੂਥ ਕਲੱਬ, ਜਿਨ੍ਹਾਂ ਵੱਲੋਂ ਇਸ ‘ਗੁਰੂ ਕੇ ਬਾਗ’ ਨੂੰ ਵਿਕਸਤ ਕੀਤਾ ਗਿਆ ਦੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਰਮਚਾਰੀ ਸ੍ਰੀ ਲਾਲ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀਆਂ ਹਦਾਇਤਾਂ ‘ਤੇ ਬਾਗ ਦੀ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਸਮੇਂ-ਸਮੇਂ ‘ਤੇ ਫ਼ਲਦਾਰ ਬੂਟਿਆਂ ਦੀ ਕਾਂਟ-ਛਾਂਟ ਕਰਨ ਸਮੇਤ ਅਤੇ ਵੱਖ-ਵੱਖ ਕਿਸਮ ਦੇ ਮੌਸਮੀ ਫੁੱਲ ਲਗਾਏ ਜਾਂਦੇ ਹਨ।
2020-03-11