ਜ਼ਿਲ੍ਹਾ ਪੁਲਿਸ ਹੈਡਕੁਆਰਟਰ ਵਿਖੇ ‘ਡਿਸਇਨਫੈਕਟੈਂਟ ਟਨਲ’ ਅਤੇ ਹੱਥ ਧੋਣ ਵਾਲਾ ਸਟੇਸ਼ਨ ਸਥਾਪਿਤ

ਨਵੇਂ ਬਣੇ ਹੈਂਡ ਵਾਸ਼ ਸਟੇਸ਼ਨ ਦੀ ਆਈ.ਜੀ. ਸ. ਜਤਿੰਦਰ ਸਿੰਘ ਔਲਖ ਸ਼ੁਰੂਆਤ ਕਰਦੇ ਹੋਏ, ਉਨ੍ਹਾਂ ਦੇ ਨਾਲ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਵੀ ਨਜ਼ਰ ਆ ਰਹੇ ਹਨ।

ਪਟਿਆਲਾ ( ਅਰਵਿੰਦਰ ਸਿੰਘ ) ਆਪਣੇ ਮੁਲਾਜ਼ਮਾਂ ਦੀ ਸੁਰੱਖਿਆ ਲਈ ਜ਼ਿਲ੍ਹਾ ਪੁਲਿਸ ਹੈਡਕੁਆਟਰ ਪਟਿਆਲਾ ਵੱਲੋ ‘ਡਿਸਇਨਫੈਕਟੈਂਟ ਟਨਲ’ ਅਤੇ ਹੈਂਡ ਵਾਸ਼ ਸਟੇਸ਼ਨ ਸਥਾਪਤ ਕੀਤਾ ਗਿਆ ਹੈ। ਆਈ.ਜੀ. ਸ. ਜਤਿੰਦਰ ਸਿੰਘ ਔਲਖ ਨੇ ਅੱਜ ਇਸ ਰੋਗਾਣੂਨਾਸ਼ਕ ਪ੍ਰਣਾਲੀ ਅਤੇ ਹੱਥ ਧੋਣ ਵਾਲੇ ਸਟੇਸ਼ਨ ਨੂੰ ਜ਼ਿਲ੍ਹਾ ਪੁਲਿਸ ਮੁਲਾਜ਼ਮਾਂ ਨੂੰ ਰਸਮੀ ਤੌਰ ‘ਤੇ ਸਮਰਪਿਤ ਕਰਦਿਆ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ 24 ਘੰਟੇ ਡਿਊਟੀ ਦੇਣ ਵਾਲੇ ਮੁਲਾਜ਼ਮਾਂ ਦੀ ਸੁਰੱਖਿਆ ਲਈ ਕੀਤਾ ਗਿਆ ਇਹ ਕੰਮ ਸ਼ਲਾਘਾਯੋਗ ਹੈ ਅਤੇ ਇਸ ਨਾਲ ਡਿਊਟੀ ਦੇਣ ਵਾਲੇ ਮੁਲਾਜ਼ਮਾਂ ‘ਚ ਆਤਮ ਵਿਸ਼ਵਾਸ ਵਧੇਗਾ।


ਆਈ.ਜੀ. ਸ. ਔਲਖ ਨੇ ਕਿਹਾ ਕਿ ਪੁਲਿਸ ਬਲ ਇਸ ਮੁਸ਼ਕਿਲ ਭਰੇ ਸਮੇਂ ‘ਚ ਆਪਣੇ ਪਰਿਵਾਰਾਂ ਨੂੰ ਛੱਡ ਕੇ, ਜਿਹੋ-ਜਿਹੇ ਹਾਲਾਤਾਂ ‘ਚ ਕੰਮ ਕਰ ਰਹੇ ਹਨ, ਉਸ ਮੌਕੇ ਉਨ੍ਹਾਂ ਦੀ ਸੁਰੱਖਿਆ ਲਈ ਜ਼ਿਲ੍ਹਾ ਪੁਲਿਸ ਹੈਡਕੁਆਰਟਰ ਵਿਖੇ ਆਉਣ ਜਾਣ ਲਈ ਇਹ ਪ੍ਰਣਾਲੀ ਕਾਰਗਰ ਸਿੱਧ ਹੋਵੇਗੀ।
ਇਸ ਮੌਕੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਆਮ ਲੋਕਾਂ ਦੀ ਸੁਰੱਖਿਆ ਲਈ ਹਫ਼ਤੇ ਦੇ ਸੱਤੋਂ ਦਿਨ ਤੇ 24 ਘੰਟੇ ਆਪਣੀ ਡਿਊਟੀ ਤਨਦੇਹੀ ਨਾਲ ਦੇਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਸਾਡੀ ਪਹਿਲੀ ਤਰਜ਼ੀਹ ਹੈ। ਉਨ੍ਹਾਂ ਮੁੱਖ ਦਫ਼ਤਰ ਵਿਖੇ ਲਗਾਈ ਗਈ ਟਨਲ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਅਤਿ ਆਧੁਨਿਕ ਤਕਨੀਕ ਨਾਲ ਬਣਾਈ ਗਈ ਇਸ ਟਨਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੱਥ ਧੋਣ ਲਈ ਸਟੇਸ਼ਨ ਬਣਾਇਆ ਗਿਆ ਹੈ ਜਿਸਨੂੰ ਬਿਨ੍ਹਾਂ ਹੱਥ ਲਗਾਏ ਪੈਰ ਦੀ ਮਦਦ ਨਾਲ ਵਰਤਿਆ ਜਾਂਦਾ ਹੈ ਜਿਸ ਵਿੱਚ ਤਿੰਨ ਵਾਸ਼ ਬੇਸ਼ਨ ਲੱਗੇ ਹਨ ਇਸ ਉਪਰੰਤ ਟਨਲ ਵਿੱਚੋਂ ਲੰਘਿਆ ਜਾਂਦਾ ਹੈ ਜਿਸ ਵਿੱਚ ਰੋਗਾਣੂਨਾਸ਼ਕ ਦਵਾਈ ਦੀ ਸਪਰੇਅ ਸਰੀਰ ‘ਤੇ ਹੁੰਦੀ ਹੈ ਅੰਤ ਵਿੱਚ ਤੀਸਰੇ ਪੜਾਅ ‘ਚ ਸਰੀਰ ਅਤੇ ਹੱਥ ਸੁਕਾਉਣ ਲਈ ਪੱਖੇ ਲੱਗੇ ਹੋਏ ਹਨ। ਇਸ ਤਰ੍ਹਾਂ ਇਨ੍ਹਾਂ ਤਿੰਨਾਂ ਪੜਾਵਾਂ ਵਿੱਚੋਂ ਲੰਘਕੇ ਸਰੀਰ ਨੂੰ ਰੋਗਾਣੂ ਮੁਕਤ ਕੀਤਾ ਜਾਵੇਗਾ। ਉਨ੍ਹਾਂ ਇੰਡਸਟਰੀਅਲ ਐਸੋਸੀਏਸ਼ਨ ਸੰਗਰੂਰ ਦੇ ਨੁਮਾਇੰਦਿਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਬਣਾਈ ਗਈ ਇਹ ਟਨਲ ਮੁਲਾਜ਼ਮਾਂ ਨੂੰ ਸਿਹਤਯਾਬ ਰੱਖਣ ਵਿੱਚ ਸਹਾਈ ਹੋਵੇਗੀ।

Share This :

Leave a Reply