ਅੰਮ੍ਰਿਤਸਰ ( ਏ-ਆਰ. ਆਰ. ਐੱਸ. ਸੰਧੂ ) ਵਲੋਂ ਕਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿੱਤੀ ਦੇ ਚਲਦਿਆਂ ਸੂਬੇ ਵਿਚ ਪਹਿਲਾਂ ਲਾਕਡਾਉਨ ਅਤੇ ਹੁਣ ਕਰਫਿਊ ਲਗਾਇਆ ਗਿਆ ਹੈ, ਪਰ ਇਸ ਸੰਕਟ ਦੀ ਘੜੀ ਵਿਚ ਵੀ ਦੁੱਧ ਲੋਕਾਂ ਦੀ ਅਹਿਮ ਲੋੜ ਹੈ, ਇਸ ਤੋਂ ਇਲਾਵਾ ਮੀਟ ਅਤੇ ਅੰਡੇ ਵੀ ਲੋਕਾਂ ਦੇ ਭੋਜਨ ਦਾ ਅਹਿਮ ਹਿੱਸਾ ਹਨ, ਜਿਸ ਨੂੰ ਦੇਖਦਿਆਂ ਲੋਕਾਂ ਦੀ ਸਹੂਲਤ ਅਤੇ ਪਸ਼ੂ ਪਾਲਕਾਂ ਦੀ ਮੱਦਦ ਲਈ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਰੇ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਖੁਲੀਆਂ ਰੱਖੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਪਵਨ ਮਲੋਹਤਰਾ ਨੇ ਦੱਸਿਆ ਕਿ ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਪਸ਼ੂ ਪਾਲਣ ਵਿਭਾਗ ਵਲੋਂ ਜ਼ਿਲ੍ਹਾ ਅੰਮ੍ਰਿਤਸਰ ਵਿਚ ਨਿਰੰਤਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦਾ ਇਕ ਪੋਲੀ ਕਲੀਨਿਕ, 73 ਪਸ਼ੂ ਹਸਪਤਾਲ ਤੇ 120 ਵੈਟਰਨਰੀ ਕਲੀਨਕ ਪਸ਼ੂ ਮਾਲਕਾਂ ਲਈ ਕੰਮ ਕਰ ਰਹੇ ਹਨ।
ਇਸ ਤੋਂ ਇਲਾਵਾ ਵੈਟਰਨਰੀ ਨੂੰ ਜਰੂਰੀ ਸੇਵਾਵਾਂ ਵਿਚ ਹੋਣ ਕਾਰਨ ਸ਼ਹਿਰ ਵਿਚ ਤੂੜੀ, ਹਰਾ ਚਾਰਾ, ਫੀਡ ਆਦਿ ਦੀ ਸਪਲਾਈ ਲਈ ਕੰਮ ਕਰਨ ਵਾਲੇ ਕਾਰੋਬਾਰੀ ਅਦਾਰਿਆਂ ਨੂੰ ਕਰਫਿਊ ਪਾਸ ਵੀ ਜਾਰੀ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਘਰੇਲੂ ਪਸ਼ੂ ਪਾਲਕਾ ਦੇ ਪਸ਼ੂਆਂ ਲਈ ਬਨਾਉਟੀ ਗਰਭਦਾਨ ਦੀਆਂ ਸੇਵਾਵਾਂ ਵੀ ਨਿਰੰਤਰ ਵਿਭਾਗ ਵੱਲੋਂ ਜਾਰੀ ਹਨ। ਸ੍ਰੀ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਚ ਚੱਲਦੀਆਂ ਗਊਸ਼ਾਲਾ ਦੇ ਕਾਮਿਆਂ ਅਤੇ ਉਨਾਂ ਦੇ ਪ੍ਰਬੰਧਕਾਂ ਨੂੰ ਗਊਸ਼ਾਲਾ ਦੀ ਸਾਂਭ-ਸੰਭਾਲ ਲਈ ਕਰਫਿਊ ਪਾਸ ਵੀ ਵਿਭਾਗ ਵੱਲੋਂ ਜਾਰੀ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਸ਼ਹਿਰ ਵਿਚ ਪਸ਼ੂਆਂ, ਆਵਾਰਾ ਕੁੱਤਿਆਂ ਤੇ ਪੰਛੀਆਂ ਲਈ ਕੰਮ ਕਰਦੀਆਂ ਗੈਰ ਸਰਕਾਰੀ ਸੰਸਥਾਵਾਂ ਨੂੰ ਕਰਫਿਊ ਦੇ ਦਿਨਾਂ ਵਿਚ ਵੀ ਉਕਤ ਬੇਜ਼ੁਬਾਨਿਆਂ ਦੀ ਸੇਵਾ ਲਈ ਕਰਫਿਊ ਪਾਸ ਜਾਰੀ ਕੀਤੇ ਜਾ ਚੁੱਕੇ ਹਨ।