ਅੰਮ੍ਰਿਤਸਰ (ਮੀਡੀਆ ਬਿਊਰੋ ) ਦੰਦਾਂ ਦੇ ਡਾਕਟਰ ਜਿਲੇ ਭਰ ਵਿਚ ਕੋਵਿਡ 19 ਵਿਰੁੱਧ ਲੜੀ ਜਾ ਰਹੀ ਜੰਗ ਵਿਚ ਪਹਿਲੇ ਮੋਰਚੇ ਉਤੇ ਡਟੇ ਹੋਏ ਹਨ ਅਤੇ ਉਨਾਂ ਵੱਲੋਂ ਕੀਤੇ ਗਏ ਕੰਮ ਤੋਂ ਹੀ ਇਸ ਬਿਮਾਰੀ ਦਾ ਇਲਾਜ ਸ਼ੁਰੂ ਹੁੰਦਾ ਹੈ, ਕਿਉਂਕਿ ਪਹਿਲਾਂ ਟੈਸਟ ਜੋ ਕਿ ਸ਼ੱਕੀ ਮਰੀਜ਼ ਦੇ ਗਲੇ ਜਾਂ ਨੱਕ ਵਿਚੋਂ ਲਿਆ ਜਾਂਦਾ ਹੈ, ਇਨਾਂ ਡਾਕਟਰਾਂ ਵੱਲੋਂ ਹੀ ਲਿਆ ਜਾਂਦਾ ਹੈ। ਇਹ ਪ੍ਰਗਟਾਵਾ ਕਰਦੇ ਡਿਪਟੀ ਡਾਇਰੈਕਟਰ ਡੈਂਟਲ ਸ੍ਰੀਮਤੀ ਸ਼ਰਨਜੀਤ ਕੌਰ ਨੇ ਦੱਸਿਆ ਕਿ ਉਨਾਂ ਦੇ ਡੈਂਟਲ ਵਿਭਾਗ ਦੇ 25 ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਸਾਰੇ ਜਿਲੇ ਵਿਚ ਕੋਵਿਡ 19 ਦੇ ਮਰੀਜ਼ਾਂ ਟੈਸਟਾਂ ਲਈ ਨਮੂਨੇ ਲੈਣ ਦੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਸ ਵੀ ਇਲਾਕੇ ਵਿਚ ਕੋਵਿਡ 19 ਦਾ ਮਰੀਜ਼ ਮਿਲਦਾ ਹੈ, ਉਥੇ ਵੀ ਸਾਡੀ ਟੀਮ ਜਾ ਕੇ ਇਲਾਕਾ ਵਾਸੀਆਂ ਦੇ ਨਮੂਨੇ ਲੈਂਦੀ ਹੈ, ਜੋ ਕਿ ਕਠਿਨ ਮਿਹਨਤ ਤੇ ਜੋਖਮ ਵਾਲਾ ਕੰਮ ਹੈ। ਉਨਾਂ ਦੱਸਿਆ ਕਿ ਕੱਲ ਕ੍ਰਿਸ਼ਨਾ ਨਗਰ ਦੇ ਇਲਾਕੇ, ਜਿੱਥੇ ਕਿ 2 ਮਰੀਜ਼ ਮਿਲੇ ਸਨ, ਇਸ ਮੌਕੇ ਆਪਣੇ ਦੋ ਡਾਕਟਰਾਂ ਡਾ. ਸ਼ੌਰਭ ਜੌਲੀ ਅਤੇ ਡਾ. ਸਿਮਰਨਜੀਤ ਸਿੰਘ ਨਾਲ ਮੌਕੇ ਉਤੇ ਜਾ ਕੇ ਇਕ ਪਾਰਕ ਵਿਚ ਸਾਰੇ ਲੋਕਾਂ ਨੂੰ ਬੁਲਾ ਕੇ ਸਾਢੇ ਤਿੰਨ ਘੰਟਿਆਂ ਵਿਚ 236 ਨਮੂਨੇ ਲਏ। ਡਾ. ਸ਼ਰਨਜੀਤ ਕੌਰ ਨੇ ਦੱਸਿਆ ਕਿ ਅਜਿਹੇ ਥਾਵਾਂ ਉਤੇ ਹਲਾਤ ਇਹੋ ਜਿਹੇ ਹੁੰਦੇ ਹਨ ਕਿ ਨਾ ਤਾਂ ਬੈਠਣ ਨੂੰ ਕੋਈ ਕੁਰਸੀ ਹੁੰਦੀ ਹੈ ਅਤੇ ਨਾ ਹੀ ਪੱਖਾ । ਉਨਾਂ ਦੱਸਿਆ ਕਿ ਭਰ ਗਰਮੀ ਵਿਚ ਸਾਡੀ ਟੀਮ ਨੇ ਪੀ. ਪੀ. ਈ. ਕਿੱਟਾਂ ਪਾ ਕੇ ਲਗਾਤਾਰ ਕੰਮ ਕਰਕੇ ਲੋਕਾਂ ਦੇ ਨਮੂਨੇ ਲਏ, ਜੋ ਕਿ ਜਾਂਚ ਲਈ ਭੇਜੇ ਜਾ ਚੁੱਕੇ ਹਨ । ਇਸ ਮੌਕੇ ਪ੍ਰਿੰਸੀਪਲ ਸਰਕਾਰੀ ਡੈਂਟਲ ਕਾਲਜ ਡਾ. ਜੀਵਨ ਲਤਾ ਨੇ ਦੱਸਿਆ ਸਾਡੇ ਸਾਰੇ ਮਾਹਿਰ ਡਾਕਟਰ ਕੋਵਿਡ 19 ਵਿਰੁੱਧ ਨਮੂਨੇ ਲੈਣ ਤੋਂ ਲੈ ਕੇ ਆਈਸੋਲੇਸ਼ਨ ਵਾਰਡ ਤੱਕ ਕੰਮ ਕਰ ਰਹੇ ਹਨ। ਵਿਭਾਗ ਦੇ ਐਸੋਸੀਏਸਟ ਪ੍ਰੋਫੈਸਰ ਡਾ. ਨਿਤਿਨ ਵਰਮਾ ਨੇ ਵੀ ਦੰਦਾਂ ਦੇ ਸਰਜਨਾਂ ਅਤੇ ਡਾਕਟਰਾਂ ਵੱਲੋਂ ਸੰਕਟ ਦੀ ਘੜੀ ਵਿਚ ਦੇਸ਼ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਭਾਗ ਦੇ ਡਾਕਟਰ ਕੋਵਿਡ 19 ਵਿਰੁੱਧ ਮੈਦਾਨ ਵਿਚ ਡਟੇ ਹਨ।