ਹੋਰਨਾਂ ਔਰਤਾਂ ਲਈ ਵੀ ਪ੍ਰੇਰਨਾ ਸਰੋਤ ਬਣੀ ਕੁਲਵਿੰਦਰ ਕੋਰ

ਪਟਿਆਲਾ(ਅਰਵਿੰਦਰ ਸਿੰਘ) ਪਟਿਆਲਾ ਜ਼ਿਲ੍ਹੇ ਦੇ ਪਿੰਡ ਦੁੱਧੜ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਜਿਸ ਨੇ ਸਵੈ ਸਹਾਇਤਾ ਸਮੂਹ ਦੀ ਮਦਦ ਨਾਲ ਆਪਣੀ ਜ਼ਿੰਦਗੀ ਨੂੰ ਇਕ ਨਵੀਂ ਦਿਸ਼ਾ ਦੇਕੇ ਜਿਥੇ ਆਪਣੇ ਆਪ ਨੂੰ ਆਤਮ ਨਿਰਭਰ ਕੀਤਾ ਉਥੇ ਹੀ ਆਪਣੇ ਪਰਿਵਾਰ ਤੇ ਬੱਚਿਆਂ ਦਾ ਸਹੀ ਪਾਲਣ ਪੋਸ਼ਣ ਕਰਨ ਦੇ ਸਮਰੱਥ ਹੋਈ ਹੈ।
ਆਪਣੀ ਜ਼ਿੰਦਗੀ ਦੇ ਸੰਘਰਸ਼ ਬਾਰੇ ਭਾਵੁਕ ਹੁੰਦਿਆਂ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਪਹਿਲਾਂ ਉਸਾਰੀ ਦੇ ਕੰਮ ਵਿੱਚ ਦਿਹਾੜੀ ਕਰਦੀ ਸੀ ਪਰ ਹਰੇਕ ਔਰਤ ਦੇ ਮਨ ਵਿੱਚ ਆਪਣੇ ਸੁਪਨਿਆਂ ਦੀ ਇਕ ਦੁਨੀਆ ਹੁੰਦੀ ਹੈ ਉਸੇ ਤਰ੍ਹਾਂ ਮੇਰੇ ਮਨ ‘ਚ ਸੀ ਕਿ ਮੈਂ ਆਪਣਾ ਕਾਰੋਬਾਰ ਕਰਕੇ ਆਪਣੇ ਘਰ ਨੂੰ ਸਹਾਰਾ ਦੇਵਾਂ।
ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਜਦੋਂ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਨਾਲ ਜੁੜੀਆਂ ਬੀਬੀਆਂ ਨੂੰ ਘਰਾਂ ਵਿੱਚ ਮੀਟਿੰਗ ਕਰਦੇ ਦੇਖਿਆ ਤਾਂ ਉਨ੍ਹਾਂ ਤੋਂ ਆਜੀਵਿਕਾ ਮਿਸ਼ਨ ਬਾਰੇ ਜਾਣਕਾਰੀ ਲੈਣੀ ਸ਼ੁਰੂ ਕੀਤੀ ਅਤੇ ਹੌਲੀ-ਹੌਲੀ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੇ ਸਟਾਫ਼ ਦੇ ਸੰਪਰਕ ਵਿੱਚ ਆਈ ਤਾਂ ਉਸ ਨੇ ਆਜੀਵਿਕਾ ਮਿਸ਼ਨ ਦੇ ਬਾਰੇ ਵਿੱਚ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ।
ਕੁਲਵਿੰਦਰ ਕੌਰ ਨੇ ਆਜੀਵਿਕਾ ਮਿਸ਼ਨ ਤਹਿਤ ਚੱਲ ਰਹੇ ਫ਼ਤਿਹ ਸਵੈ-ਸਹਾਇਤਾ ਸਮੂਹ ਨਾਲ ਜੁੜਕੇ ਪਹਿਲਾਂ ਫ਼ਤਿਹ ਸਵੈ-ਸਹਾਇਤਾ ਸਮੂਹ ਤੋਂ 1600 ਰੁਪਏ ਦਾ ਕਰਜ਼ਾ ਲਿਆ ਅਤੇ ਉਸ ਦੀ ਸਹੀ ਸਮੇਂ ਉਤੇ ਵਾਪਸੀ ਕੀਤੀ। ਇਸ ਕਰਜ਼ੇ ਨਾਲ ਉਸ ਨੇ ਬੱਚਿਆਂ ਦੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਇੱਕ ਛੋਟੀ ਜਿਹੀ ਦੁਕਾਨ ਕਰ ਲਈ। ਹੌਲੀ-ਹੌਲੀ ਕੁਲਵਿੰਦਰ ਕੌਰ ਨੇ ਆਪਣੀ ਦੁਕਾਨ ਵਿੱਚ ਚੀਜ਼ਾਂ ਦਾ ਵਾਧਾ ਕੀਤਾ ਪਰ ਕੁਲਵਿੰਦਰ ਕੌਰ ਨੂੰ ਲੱਗਾ ਕਿ ਗਾਹਕ ਉਸ ਤੋਂ ਰੋਜ਼ਾਨਾ ਵਰਤੋਂ ਵਾਲੇ ਸਮਾਨ ਦੀ ਵੀ ਮੰਗ ਕਰਦੇ ਹਨ ਤਾਂ ਕੁਲਵਿੰਦਰ ਕੌਰ ਨੇ ਸਵੈ-ਸਹਾਇਤਾ ਸਮੂਹ ਤੋਂ ਹੋਰ ਕਰਜ਼ੇ ਦੀ ਮੰਗ ਕੀਤੀ। ਫ਼ਤਿਹ ਸਵੈ-ਸਹਾਇਤਾ ਸਮੂਹ ਕੋਲ ਕਿਉਂਕਿ ਜ਼ਿਆਦਾ ਪੈਸੇ ਨਹੀਂ ਸਨ ਇਸ ਲਈ ਸਮੂਹ ਮੈਂਬਰਾਂ ਨੇ ਫ਼ੈਸਲਾ ਕੀਤਾ ਕਿ ਬੈਂਕ ਤੋਂ ਕਰਜ਼ਾ ਲਿਆ ਜਾਵੇ। ਆਪਣੀ ਯੋਗਤਾ ਦੇ ਆਧਾਰ ‘ਤੇ ਫ਼ਤਿਹ ਸਵੈ-ਸਹਾਇਤਾ ਸਮੂਹ ਨੂੰ 50 ਹਜ਼ਾਰ ਰੁਪਏ ਦਾ ਕਰਜ਼ਾ ਮਿਤੀ 13 ਅਗਸਤ 2018 ਨੂੰ ਬੈਂਕ ਵੱਲੋਂ ਮਿਲ ਗਿਆ ਜੋ ਕੁਲਵਿੰਦਰ ਕੌਰ ਨੂੰ ਉਸ ਦੀ ਮੰਗ ਦੇ ਆਧਾਰ ‘ਤੇ ਦਿੱਤਾ ਗਿਆ।
ਕੁਲਵਿੰਦਰ ਕੌਰ ਨੇ ਕਰਜ਼ੇ ਦੀ ਰਾਸ਼ੀ ਸਮੇਤ ਆਪਣੇ ਵੱਲੋਂ ਵੀ 10 ਹਜ਼ਾਰ ਰੁਪਏ ਦੀ ਰਾਸ਼ੀ ਲਾਈ ਅਤੇ ਦੁਕਾਨ ਵਿੱਚ ਘਰੇਲੂ ਵਰਤੋਂ ਵਾਲਾ ਸਾਮਾਨ ਪਾਇਆ। ਇਹ ਕਰਜ਼ਾ ਕੁਲਵਿੰਦਰ ਕੌਰ ਨੇ ਸਮੇਂ ਸਿਰ ਵਾਪਸ ਕੀਤਾ ਅਤੇ ਉਸ ਨੇ ਆਪਣੀ ਦੁਕਾਨ ਤੋਂ ਮੁਨਾਫ਼ਾ ਕਮਾਉਂਦੇ ਹੋਏ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਸ਼ੁਰੂ ਕੀਤੀ। ਥੋੜ੍ਹੇ ਸਮੇਂ ਦੇ ਬਾਅਦ ਹੀ ਉਸ ਨੇ ਆਪਣੇ ਗ੍ਰਾਮ ਸੰਗਠਨ ਤੋਂ ਮਿਤੀ 26 ਸਤੰਬਰ 2018 ਨੂੰ 50 ਹਜ਼ਾਰ ਰੁਪਏ ਦਾ ਹੋਰ ਕਰਜ਼ਾ ਲਿਆ ਅਤੇ ਦੁਕਾਨ ਵਿੱਚ ਸਾਮਾਨ ਰੱਖਣ ਲਈ ਫ਼ਰਨੀਚਰ ਬਣਵਾਇਆ।
ਕੁਲਵਿੰਦਰ ਕੌਰ ਨੇ ਆਪਣੇ ਕੱਚੇ ਮਕਾਨ ਨੂੰ ਪੱਕਾ ਕਰਨ ਲਈ 26 ਸਤੰਬਰ 2019 ਨੂੰ 50 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਅਤੇ ਕੁਝ ਪੈਸੇ ਆਪਣੇ ਕੋਲੋਂ ਪਾ ਕੇ ਘਰ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕੁਲਵਿੰਦਰ ਕੌਰ ਅੱਜ ਜਿੱਥੇ ਆਪਣੇ ਘਰ ਨੂੰ ਦਿਨ-ਬ-ਦਿਨ ਹਨੇਰੇ ਤੋਂ ਚਾਨਣ ਵੱਲ ਲੈ ਕੇ ਜਾ ਰਹੀ ਹੈ ਉਥੇ ਉਹ ਆਪਣੇ ਪਿੰਡ ਦੇ ਹੀ ਨਹੀਂ ਸਗੋਂ ਨਾਲ ਦੇ ਪਿੰਡਾਂ ਦੇ ਸਵੈ-ਸਹਾਇਤਾ ਸਮੂਹਾਂ ਲਈ ਵੀ ਪ੍ਰੇਰਨਾ ਸਰੋਤ ਬਣੀ ਹੋਈ ਹੈ

Share This :

Leave a Reply