ਹੁਸ਼ਿਆਰਪੁਰ ਜ਼ਿਲੇ ਦੇ ਇਕ ਹੋਰ ਮਰੀਜ਼ ਨੇ ਕੋਰੋਨਾ ਖਿਲਾਫ ਜਿੱਤੀ ਜੰਗ

ਪੈਨਸਰਾ ਪਿੰਡ ਦਾ ਵਸਨੀਕ ਸ਼੍ਰੀ ਹਰਜਿੰਦਰ ਸਿੰਘ

ਹੁਸ਼ਿਆਰਪੁਰ (ਮੀਡੀਆ ਬਿਊਰੋ) ਜ਼ਿਲੇ ਦਾ ਇਕ ਹੋਰ ਵਿਅਕਤੀ ਕੋਰੋਨਾ ਖਿਲਾਫ ਜੰਗ ਜਿੱਤ ਚੁੱਕਾ ਹੈ, ਜਿਸ ਨੂੰ ਪੂਰੀ ਤਰਾਂ ਠੀਕ ਹੋਣ ‘ਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਤੋਂ ਛੁੱਟੀ ਮਿਲ ਚੁੱਕੀ ਹੈ। ਠੀਕ ਹੋਏ ਇਸ ਮਰੀਜ਼ ਸਮੇਤ ਹੁਣ ਕੋਰੋਨਾ ‘ਤੇ ਫਤਿਹ ਪਾਉਣ ਵਾਲੇ ਜ਼ਿਲੇ ਦੇ 4 ਵਿਅਕਤੀ ਹੋ ਗਏ ਹਨ। ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਅੱਜ ਪੈਨਸਰਾ ਪਿੰਡ ਦਾ ਵਸਨੀਕ ਸ਼੍ਰੀ ਹਰਜਿੰਦਰ ਸਿੰਘ (65) ਕੋਰੋਨਾ ‘ਤੇ ਜਿੱਤ ਪ੍ਰਾਪਤ ਕਰ ਚੁੱਕਾ ਹੈ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਤੋਂ ਇਸ ਵਿਅਕਤੀ ਨੂੰ ਛੁੱਟੀ ਦੇ ਦਿੱਤੀ ਗਈ ਹੈ।

ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਸ਼੍ਰੀ ਹਰਭਜਨ ਸਿੰਘ ਦੀ ਪਤਨੀ ਸ਼੍ਰੀਮਤੀ ਪਰਮਜੀਤ ਕੌਰ ਅਤੇ ਬੇਟਾ ਸ੍ਰੀ ਗੁਰਪ੍ਰੀਤ ਸਿੰਘ ਠੀਕ ਹੋਕੇ ਘਰ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਇਟਲੀ ਤੋਂ ਆਇਆ ਪਿੰਡ ਖਨੂਰ ਦਾ ਵਸਨੀਕ ਸ਼੍ਰੀ ਗੁਰਦੀਪ ਸਿੰਘ, ਜੋ ਅੰਮ੍ਰਿਤਸਰ ਵਿਖੇ ਹੀ ਪੋਜ਼ੀਟਿਵ ਆਇਆ ਸੀ ਅਤੇ ਅੰਮ੍ਰਿਤਸਰ ਵਿਖੇ ਹੀ ਦਾਖਲ ਸੀ, ਵੀ ਉਕਤ ਤੋਂ ਪਹਿਲਾਂ ਠੀਕ ਹੋਕੇ ਆਪਣੇ ਘਰ ਜਾ ਚੁੱਕਾ ਹੈ।
ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਪਿਛਲੇ ਕਰੀਬ 16 ਦਿਨਾਂ ਤੋਂ ਕੋਈ ਕੋਰੋਨਾ ਪੋਜ਼ੀਟਿਵ ਮਰੀਜ਼ ਸਾਹਮਣੇ ਨਹੀਂ ਆਇਆ। ਉਨਾਂ ਕਿਹਾ ਕਿ ਕੋਵਿਡ-19 ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਜਿਸ ਤਰਾਂ ਪਹਿਲਾਂ ਕਰਫਿਊ ਦੀ ਪਾਲਣਾ ਕੀਤੀ ਗਈ ਹੈ, ਇਸੇ ਤਰਾਂ ਹੁਣ ਪਾਲਣਾ ਕਰਦੇ ਹੋਏ ਘਰਾਂ ਵਿਚੋਂ ਬਾਹਰ ਨਾ ਨਿਕਲਿਆ ਜਾਵੇ। ਉਨਾਂ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਜਿਲਾ ਵਾਸੀਆਂ ਨੂੰ ਘਰਾਂ ਵਿੱਚ ਹੀ ਸਹੂਲਤਾਂ ਪੱਖੋਂ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਸ਼ੱਕੀ ਮਰੀਜਾਂ ਦੇ ਕੁੱਲ 315 ਸੈਂਪਲ ਲਏ ਗਏ ਸਨ, ਜਿਨਾਂ ਵਿੱਚੋਂ 295 ਨੈਗੇਟਿਵ ਅਤੇ 14 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨਾਂ ਦੱਸਿਆ ਕਿ ਕਿ ਹੁਣ ਤੱਕ 6 ਪੋਜ਼ੀਟਿਵ ਕੇਸ ਹੀ ਸਾਹਮਣੇ ਆਏ ਹਨ, ਜਿਨਾਂ ਵਿਚੋਂ 3 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਇਕ ਮਰੀਜ਼ ਸ਼੍ਰੀ ਹਰਭਜਨ ਸਿੰਘ ਦੀ ਮੌਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਦੋ ਪੋਜ਼ਟਿਵ ਮਰੀਜ਼ ਆਈਸੋਲੇਸ਼ਨ ਵਾਰਡ, ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਹਨ, ਜਿਹੜੇ ਠੀਕ ਹੋਣ ‘ਤੇ ਜਲਦੀ ਘਰ ਭੇਜ ਦਿੱਤੇ ਜਾਣਗੇ।

Share This :

Leave a Reply