ਐਸ.ਐਸ.ਪੀ. ਦੀ ਚਿਤਾਵਨੀ, ਸਮਾਜ ‘ਚ ਨਫ਼ਰਤ ਫੈਲਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ
ਸਾਇਬਰ ਸੈਲ, ਸੋਸ਼ਲ ਮੀਡੀਆ ਸੈਲ ਤੇ ਸੀ.ਆਈ.ਏ. ਯੂਨਿਟ 24 ਘੰਟੇ ਸੋਸ਼ਲ ਮੀਡੀਆ ਉਪਰ ਰੱਖ ਰਹੇ ਹਨ ਤਿੱਖੀ ਨਜ਼ਰ-ਐਸ.ਐਸ.ਪੀ. ਸਿੱਧੂ
ਨਾਭਾ/ਪਟਿਆਲਾ ( ਤਰੁਣ ਮਹਿਤਾਂ)ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਪਟਿਆਲਾ ਪੁਲਿਸ ਨੇ ਫੇਸਬੁਕ ਉਪਰ ਅਭੱਦਰ ਭਾਸ਼ਾ ਵਰਤਣ ਅਤੇ ਹਿੰਦੂ ਧਰਮ ਦੇ ਪੂਜਨੀਕ ਦੇਵੀ ਦੇਵਤਿਆਂ ਵਿਰੁੱਧ ਬਹੁਤ ਇਤਰਾਜ਼ਯੋਗ ਭਾਸ਼ਾ ਵਰਤਣ ਵਾਲੇ ਵਿਰੁੱਧ ਇੱਕ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਇਸ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿਅਕਤੀ ਦੀ ਪਹਿਚਾਣ 26 ਸਾਲਾ, ਅਭਿਸ਼ੇਕ ਸਹਿਗਲ ਪੁੱਤਰ ਰਜੇਸ਼ ਸਹਿਗਲ ਵਾਸੀ ਨੇੜੇ ਥਾਣਾ ਕੋਤਵਾਲੀ ਪਟਿਆਲਾ, ਵਜੋਂ ਹੋਈ ਹੈ ਜੋਕਿ ਸਮਾਰਟ ਚਿਪ ਕੰਪਨੀ, ਡੀ.ਟੀ.ਓ. ਦਫ਼ਤਰ, ਬਸੀ ਪਠਾਣਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਕੰਮ ਕਰਦਾ ਹੈ।ਐਸ.ਐਸ.ਪੀ. ਨੇ ਦੱਸਿਆ ਕਿ ਅਭਿਸ਼ੇਕ ਸਹਿਗਲ ਨੇ ਹਿੰਦੂ ਧਰਮ ਦੇ ਵਿਰੁਧ ਅਫ਼ਵਾਹਾਂ ਵੀ ਫੈਲਾਈਆਂ ਅਤੇ ਨਾਲ ਹੀ ਕੋੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੀ ਵੀ ਉਲੰਘਣਾ ਕੀਤੀ ਹੈੇ।
ਸ. ਸਿੱਧੂ ਨੇ ਦੱਸਿਆ ਕਿ ਇਸ ਸਬੰਧੀਂ ਆਈ.ਪੀ.ਸੀ. ਦੀਆਂ ਧਾਰਾਵਾਂ 188, 295ਏ, 505 ਸੀ ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 54 ਤਹਿਤ ਥਾਣਾ ਕੋਤਵਾਲੀ ਵਿਖੇ ਐਫ.ਆਈ.ਆਰ. ਨੰਬਰ 99 ਮਿਤੀ 28 ਅਪ੍ਰੈਲ 2020 ਨੂੰ ਦਰਜ ਕਰਕੇ ਇਸ ਨੂੰ ਗ੍ਰਿਫ਼ਤਾਰ ਕਰਕੇ ਇੱਕ ਮੋਬਾਇਲ ਫੋਨ ਵੀ ਬਰਾਮਦ ਕੀਤਾ ਗਿਆ ਹੈ ਤੇ ਅਗਲੇਰੀ ਤਫ਼ਤੀਸ਼ ਕੀਤੀ ਜਾ ਰਹੀ ਹੈ।ਸ. ਸਿੱਧੂ ਨੇ ਹੋਰ ਦੱਸਿਆ ਕਿ ਇਸ ਤੋਂ ਪਹਿਲਾਂ ਅਜਿਹਾ ਹੀ ਇੱਕ ਹੋਰ ਕੇਸ 8 ਅਪ੍ਰੈਲ ਨੂੰ ਥਾਣਾ ਤ੍ਰਿਪੜੀ ਵਿਖੇ ਵੀ ਦਰਜ ਕੀਤਾ ਗਿਆ ਸੀ, ਜਿਸ ‘ਚ ਦੋਸ਼ੀ ਨੇ ਵੀ ਇਸਲਾਮ ਧਰਮ ਦੇ ਵਿਰੁੱਧ ਇਤਰਾਜਯੋਗ ਭਾਸ਼ਾ ਵਰਤਦਿਆਂ ਅਭੱਦਰ ਟਿਪਣੀਆਂ ਕੀਤੀਆਂ ਸਨ। ਐਸ.ਐਸ.ਪੀ. ਨੇ ਅਜਿਹੇ ਵਿਅਕਤੀਆਂ ਨੂੰ ਚਿਤਾਵਨੀ ਦਿੱਤੀ ਕਿ ਪਟਿਆਲਾ ਪੁਲਿਸ ਕਿਸੇ ਵੀ ਧਰਮ ਵਿਰੁੱਧ ਵਰਤੀ ਜਾਣ ਵਾਲੀ ਅਜਿਹੀ ਭਾਸ਼ਾ ਜਾਂ ਸੋਸ਼ਲ ਮੀਡੀਆ ਉਪਰ ਕੀਤੀਆਂ ਜਾਣ ਵਾਲੀਆਂ ਟਿੱਪਣੀਆਂ ਕਰਨ ਦੇ ਮਾਮਲੇ ਨੂੰ ਬਰਦਾਸ਼ਤ ਨਹੀਂ ਕਰੇਗੀ, ਜਿਸ ਨਾਲ ਸਮਾਜ ਵਿੱਚ ਪਾੜਾ ਪਵੇ ਅਤੇ ਸਮਾਜ ‘ਚ ਇੱਕ ਦੂਜੇ ਵਿਰੁੱਧ ਨਫ਼ਰਤ ਦਾ ਮਾਹੌਲ ਪੈਦਾ ਹੋਵੇ।ਐਸ.ਐਸ.ਪੀ. ਸ. ਸਿੱਧੂ ਨੇ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਵਰਤਣ ਵਾਲਿਆਂ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਵੀ ਧਰਮ ਵਿਰੁੱਧ ਅਜਿਹੀ ਕੋਈ ਟਿੱਪਣੀ ਨਾ ਕੀਤੀ ਜਾਵੇ, ਜਿਸ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੇ ਅਤੇ ਨਾ ਹੀ ਕੋਈ ਵਿਅਕਤੀ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਉਣ ਦਾ ਯਤਨ ਕਰੇ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਦਾ ਸਾਇਬਰ ਸੈਲ, ਸੋਸ਼ਲ ਮੀਡੀਆ ਸੈਲ ਅਤੇ ਸੀ.ਆਈ.ਏ. ਯੂਨਿਟ 24 ਘੰਟੇ ਸੋਸ਼ਲ ਮੀਡੀਆ ਉਪਰ ਤਿੱਖੀ ਨਜ਼ਰ ਰੱਖ ਰਹੇ ਹਨ ਅਤੇ ਅਜਿਹੀ ਕੋਈ ਵੀ ਕੋਝੀ ਹਰਕਤ ਕਰਨ ਵਾਲਾ ਕਾਨੂੰਨ ਤੋਂ ਬਚ ਨਹੀਂ ਸਕੇਗਾ ਅਤੇ ਪੁਲਿਸ ਵੱਲੋਂ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।