2 ਪਿੰਡ ਸੀਲ, ਦੁਕਾਨਾਂ ਮੁਕੰਮਲ ਬੰਦ ਰੱਖਣ ਦੇ ਦਿੱਤੇ ਆਦੇਸ਼
ਖੰਨਾ (ਪਰਮਜੀਤ ਸਿੰਘ ਧੀਮਾਨ) : ਪੁਲਸ ਜ਼ਿਲਾ ਖੰਨਾ ਦੇ ਵੱਡੇ ਸ਼ਹਿਰ ਸਮਰਾਲਾ ਲਾਗਲੇ ਪਿੰਡ ਘੁਲਾਲ ਤੇ ਹੋਰਨਾਂ ਪਿੰਡ ਦੇ ਸ਼੍ਰੀ ਹਜ਼ੂਰ ਸਾਹਿਬ (ਮਹਾਂਰਾਸ਼ਟਰ) ਤੋਂ ਵਾਪਸ ਪਰਤੇ 16 ਸ਼ਰਧਾਲੂਆਂ ਵਿਚ 04 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜਿਟਿਵ ਆ ਜਾਣ ਨਾਲ ਇਲਾਕੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਸਖ਼ਤ ਰੁੱਖ ਅਖਤਿਆਰ ਕਰਦਿਆਂ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਜ਼ਿਲਾ ਪ੍ਰਸ਼ਾਸ਼ਨ ਦੀਆਂ ਹਿਦਾਇਤਾਂ ‘ਤੇ ਪੀੜਤ ਮਰੀਜ਼ਾਂ ਦੇ ਪਿੰਡ ਘੁਲਾਲ ਅਤੇ ਸੇਹ ਨੂੰ ਮੁਕੰਮਲ ਸੀਲ ਕਰਕੇ ਪੁਲਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਕਿਸੇ ਵੀ ਵਿਅਕਤੀ ਨੂੰ ਪਿੰਡ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਚਾਰ ਘੰਟਿਆਂ ਦੀ ਢਿੱਲ ਕੇ ਦੁਕਾਨਾਂ ਖੋਲਣ ਦੀ ਵੀ ਕੋਈ ਇਜ਼ਾਜਤ ਨਹੀਂ ਦਿੱਤੀ ਗਈ ਅਤੇ ਬਜ਼ਾਰਾਂ ਤੇ ਸ਼ਹਿਰ ਦੀਆਂ ਸੜਕਾਂ ‘ਤੇ ਘੁੰਮਦੇ ਲੋਕਾਂ ਨੂੰ ਵੀ ਪੁਲਸ ਵੱਲੋਂ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਲਈ ਭੇਜ ਦਿੱਤਾ ਗਿਆ। ਜ਼ਿਲਾ ਪੁਲਸ ਮੁਖੀ ਹਰਪ੍ਰੀਤ ਸਿੰਘ ਤੇ ਡੀ. ਐਸ. ਪੀ. ਸਮਰਾਲਾ ਹਰਿੰਦਰ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਥਾਣਾ ਸਮਰਾਲਾ ਦੇ ਐਸ. ਐਚ. ਓ. ਥਾਣੇਦਾਰ ਸਿਕੰਦਰ ਸਿੰਘ ਚੀਮਾ ਦੀ ਅਗਵਾਈ ਹੇਠਾਂ ਸਹਾਇਕ ਥਾਣੇਦਾਰਾਂ ਜੋਗਿੰਦਰ ਸਿੰਘ, ਜੈ ਕਰਨ ਸਿੰਘ, ਗੁਰਦੀਪ ਸਿੰਘ ਅਤੇ ਜੋਰਾ ਸਿੰਘ ਤੋਂ ਇਲਾਵਾ ਕਾਂਸਟੇਬਲ ਯਾਦਵਿੰਦਰ ਸਿੰਘ ਨੇ ਡੱਬੀ ਬਾਜ਼ਾਰ, ਸਬਜ਼ੀ ਮੰਡੀ, ਚਾਵਾ ਰੋਡ, ਸ਼੍ਰੀ ਮਾਛੀਵਾੜਾ ਸਾਹਿਬ ਰੋਡ, ਖੰਨਾ ਰੋਡ, ਬਹਿਲੋਲਪੂਰ ਰੋਡ ਕਿਸੇ ਵੀ ਥਾਂ ‘ਤੇ ਦੁਕਾਨਾਂ ਖੋਲਣ ਦੀ ਇਜ਼ਾਜਤ ਨਹੀਂ ਦਿੱਤੀ। ਸਹਾਇਕ ਥਾਣੇਦਾਰ ਜੋਗਿੰਦਰ ਸਿੰਘ ਨੇ ਕਿਹਾ ਕਿ ਸਮਰਾਲਾ ਨੇੜਲੇ ਪਿੰਡਾਂ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦੇ ਮਿਲਣ ਤੋਂ ਬਾਅਦ ਇਹ ਸਖਤੀ ਕੀਤੀ ਗਈ ਹੈ ਕਿਸੇ ਨੂੰ ਵੀ ਲਾਕਡਾਊਨ ਦੀ ਉਲੰਘਣਾ ਕਰਨ ਦੀ ਇਜਾਜਤ ਨਹੀਂ ਹੈ ਜੋ ਵੀ ਨਿਯਮਾਂ ਦੀ ਉਲੰਘਣਾ ਕਰੇਗਾ ਉਸਦੇ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਦੇ ਬਾਅਦ ਇਹ ਕਾਰਵਾਈ ਕੀਤੀ ਗਈ ਜੋ ਅਗਲੇ ਆਦੇਸ਼ਾਂ ਤੱਕ ਜਾਰੀ ਰਹੇਗੀ। ਅਸੀਂ ਕਿਸੇ ਵੀ ਵਿਅਕਤੀ ਦੀ ਜਾਨ ਨੂੰ ਖਤਰੇ ਵਿਚ ਨਹੀਂ ਪਾ ਸਕਦੇ ਕੋਰੋਨਾ ਵਾਇਰਸ ਵਲੋਂ ਬਚਾਓ ਲਈ ਘਰਾਂ ਤੋਂ ਬਾਹਰ ਨਹੀਂ ਨਿਕਲਣ, ਜੇਕਰ ਬਹੁਤ ਹੀ ਜਰੂਰੀ ਕੰਮ ਹੈ ਤਾਂ ਵੀ ਘਰ ਤੋਂ ਬਾਹਰ ਆਉਂਦੇ ਸਮੇਂ ਮਾਸਕ ਜ਼ਰੂਰ ਪਹਿਣੇ ਜਾਣ।