ਸੰਤ ਸਿੰਘ ਸੁੱਖਾ ਸਿੰਘ ਸੰਸਥਾ ਵੱਲੋਂ ਰੈਡ ਕਰਾਸ ਫੰਡ ਲਈ ਇਕ ਲੱਖ ਰੁਪਏ ਦਾ ਦਾਨ

ਸੰਤ ਸਿੰਘ ਸੁੱਖਾ ਸਿੰਘ ਸਿੱਖਿਆ ਸੰਸਥਾਵਾਂ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ ਇਕ ਲੱਖ ਰੁਪਏ ਦਾ ਚੈਕ ਸੌਂਪਦੇ ਡਾਇਰੈਕਟਰ ਜਗਦੀਸ਼ ਸਿੰਘ

ਅੰਮ੍ਰਿਤਸਰ (ਮੀਡੀਆ ਬਿਊਰੋ ) ਕੋਵਿਡ 19 ਦੌਰਾਨ ਪੈਦਾ ਹੋਈ ਸਥਿਤੀ ਵਿਚ ਜਿਲਾ ਪ੍ਰਸ਼ਾਸ਼ਨ ਵੱਲੋਂ ਲੋੜਵੰਦ ਲੋਕਾਂ ਦੀ ਕੀਤੀ ਜਾ ਰਹੀ ਨਿਰੰਤਰ ਮਦਦ ਤੋਂ ਪ੍ਰਭਾਵਿਤ ਹੋ ਕੇ ਸ਼ਹਿਰ ਦੀ ਨਾਮਵਾਰ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਸਿੱਖਿਆ ਸੰਸਥਾਵਾਂ ਨੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਅਧੀਨ ਕਾਇਮ ਕੀਤੇ ‘ਕੋਵਿਡ 19 ਰਿਲੀਫ ਫੰਡ’ ਲਈ ਇਕ ਲੱਖ ਰੁਪਏ ਦਾ ਯੋਗਦਾਨ ਪਾਇਆ ਹੈ। ਸੰਸਥਾ ਦੇ ਡਾਇਰੈਕਟਰ ਸ. ਜਗਦੀਸ਼ ਸਿੰਘ ਨੇ ਰੈਡ ਕਰਾਸ ਭਵਨ ਵਿਚ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ ਇਹ ਚੈਕ ਸੌਂਪਦੇ ਹੋਏ ਕਿਹਾ ਕਿ ਕਰਫਿਊ ਦੌਰਾਨ ਕਿਰਤ ਕਰਨ ਵਾਲੇ ਲੋਕਾਂ ਨੂੰ ਘਰਾਂ ਵਿਚ ਬੈਠਣ ਲਈ ਮਜ਼ਬੂਰ ਹੋਣਾ ਪਿਆ ਹੈ ਅਤੇ ਜਿਲਾ ਪ੍ਰਸ਼ਾਸ਼ਨ ਵੱਲੋਂ ਉਨਾਂ ਦੀ ਕੀਤੀ ਜਾ ਰਹੀ ਮਦਦ ਇਕ ਸਾਲੁਹਣਯੋਗ ਕਾਰਜ ਹੈ।

ਉਨਾਂ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ, ਜਿੱਥੇ ਗੁਰੂ ਰਾਮਦਾਸ ਜੀ ਦੀ ਕ੍ਰਿਪਾ ਸਦਕਾ ਕੋਈ ਵਿਅਕਤੀ ਭੁੱਖਾ ਨਹੀਂ ਰਹਿ ਸਕਦਾ, ਦੀ ਕੀਤੀ ਜਾ ਰਹੀ ਸੇਵਾ ਵਿਚ ਅਸੀਂ ਵੀ ਆਪਣੀ ਸੰਸਥਾ ਵੱਲੋਂ ਯੋਗਦਾਨ ਪਾ ਰਹੇ ਹਾਂ। ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਹਾਇਤਾ ਲਈ ਧੰਨਵਾਦ ਕਰਦੇ ਸ਼ਹਿਰ ਦੇ ਕਾਰੋਬਾਰੀਆਂ, ਰਾਜਸੀ ਵਿਅਕਤੀਆਂ, ਸਨਅਤਕਾਰਾਂ ਅਤੇ ਆਰਥਿਕ ਤੌਰ ਉਤੇ ਸਮਰੱਥ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦਾਂ ਲੋਕਾਂ ਤੱਕ ਨਿਤ ਵਰਤੋਂ ਦੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਚ ਆਪਣਾ ਯੋਗਦਾਨ ਪਾਉਣ। ਉਨਾਂ ਦੱਸਿਆ ਕਿ ਰੈਡ ਕਰਾਸ ਸੁਸਾਇਟੀ, ਅੰਮ੍ਰਿਤਸਰ – ਕੋਵਿਡ 19 ਰਿਲੀਫ ਫੰਡ ਦੇ ਨਾਮ ਦਾ ਇਹ ਖਾਤਾ ਐਚ.ਡੀ.ਐਫ. ਸੀ ਬੈਂਕ ਵਿਚ ਖੋਲਿਆ ਗਿਆ ਹੈ। ਜਿਸ ਦਾ ਖਾਤਾ ਨੰਬਰ 50100348358119 ਅਤੇ ਆਈ. ਐਫ. ਸੀ. ਕੋਡ ਐਚ ਡੀ ਐਫ ਸੀ 0001359, ਸਵਿਫਟ ਕੋਡ ਐਚ ਡੀ ਐਫ ਸੀ ਸੀ ਆਈ ਐਨ ਬੀ ਬੀ ਹੈ।

Share This :

Leave a Reply