ਪਟਿਆਲਾ (ਅਰਵਿੰਦਰ ਸਿੰਘ) ਪੰਜਾਬ ਜੇਲ ਟ੍ਰੇਨਿੰਗ ਸਕੂਲ ਵਿਖੇ ਰਾਸ਼ਟਰੀ ਸੇਫ਼ਟੀ ਦਿਵਸ ਪ੍ਰਿੰਸੀਪਲ ਰਾਸ਼ਟਰਪਤੀ ਐਵਾਰਡੀ ਸ੍ਰੀ ਰਾਕੇਸ਼ ਸ਼ਰਮਾ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ, ਸ੍ਰੀ ਸ਼ਰਮਾ ਨੇ ਕਿਹਾ ਪ੍ਰਮਾਤਮਾ, ਕੁਦਰਤ, ਸਰਕਾਰ, ਸੰਸਥਾ, ਪਰਿਵਾਰ ਅਤੇ ਮਨੁੱਖਤਾ ਦੇ ਸੇਫ਼ਟੀ ਅਤੇ ਬਚਾਓ ਨਿਯਮ ਸਮਝ ਕੇ, ਅਪਣਾ ਕੇ ਅਤੇ ਪੂਰਾ ਧਿਆਨ ਰੱਖ ਕੇ ਤਬਾਹੀ, ਹਾਦਸਿਆਂ, ਮੌਤਾਂ, ਬਿਮਾਰੀਆਂ, ਤਣਾਓ, ਸਮੱਸਿਆਵਾਂ ਤੋਂ ਬੱਚਿਆ ਜਾ ਸਕਦਾ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਡਿਪਟੀ ਡਾਇਰੈਕਟਰ ਆਫ਼ ਫ਼ੈਕਟਰੀ, ਮੋਹਿਤ ਸਿੰਗਲਾ ਨੇ ਕਿਹਾ ਕਿ ਕੰਮ ਕਰਦੇ, ਚੱਲਦੇ ਹੋਏ, ਵਹੀਕਲ ਜਾਂ ਮਸ਼ੀਨ ਦੀ ਵਰਤੋ ਕਰਦੇ ਹੋਏ, ਜੇਕਰ ਬਚਾਓ ਦਾ ਫ਼ਾਰਮੂਲਾ ਅਪਣਾ ਕੇ ਧਿਆਨ ਨਾਲ ਕਾਰਜ ਕੀਤੇ ਜਾਣ ਤਾਂ 90% ਹਾਦਸੇ ਰੋਕੇ ਜਾ ਸਕਦੇ ਹਨ। ਇਸ ਲਈ ਹਰੇਕ ਇਨਸਾਨ, ਕਰਮਚਾਰੀ, ਵਿਦਿਆਰਥੀ ਨੂੰ ਸਿਹਤ, ਸੇਫ਼ਟੀ, ਵਾਤਾਵਰਨ ਅਤੇ ਸਿਵਲ ਡਿਫੈਂਸ ਦੇ ਨਿਯਮਾਂ ਬਾਰੇ ਵਿਸ਼ਾ ਮਾਹਰਾ ਰਾਹੀਂ ਜਾਣਕਾਰੀ ਮਿਲਦੀ ਰਹਿਣੀ ਚਾਹੀਦੀ ਹੈ ਅਤੇ ਸਮੇਂ-ਸਮੇਂ ਮੋਕ ਡਰਿਲ ਜ਼ਰੂਰ ਹੋਣੀ ਚਾਹੀਦੀ ਹੈ। ਸੇਫ਼ਟੀ ਅਫ਼ਸਰ ਸ੍ਰੀ ਗੌਰਵ ਕਾਲੀਆ ਨੇ ਮਸ਼ੀਨਾਂ ਤੇ ਕੰਮ ਕਰਦੇ ਸਮੇਂ ਅੱਗ, ਬਿਜਲੀ, ਗੈਸ ਦੀ ਵਰਤੋਂ ਕਰਦੇ ਸਮੇਂ ਬਚਾਓ ਦੇ ਨਿਯਮਾਂ ਬਾਰੇ ਵਿਸਥਾਰ ਪੂਰਵਕ ਸਮਝਾਇਆ ਕਿ ਇੱਕ ਦੋ ਮਿੰਟ ਦੀ ਕਾਹਲੀ, ਤੇਜ਼ੀ, ਲਾਪਰਵਾਹੀ ਕਰਕੇ ਹੀ ਵੱਧ ਹਾਦਸੇ ਹੁੰਦੇ ਹਨ ਪਰ ਉਨ੍ਹਾਂ ਨੇ ਗੈਸ ਲੀਕ ਹੋਣ, ਕਰੰਟ ਲੱਗਣ, ਸਾਹ ਸਰਕਟ ਹੋਣ, ਅੱਗ ਲੱਗਣ ਆਦਿ ਸਮੇਂ ਰੈਸਕਿਯੂ, ਅੱਗ ਬੁਝਾਉਣ ਅਤੇ ਬਚਾਓ ਦੀ ਜਾਣਕਾਰੀ ਦਿੱਤੀ। ਸ੍ਰੀ ਕਾਕਾ ਰਾਮ ਵਰਮਾ ਫ਼ਸਟ ਏਡ ਸਿਹਤ, ਸੇਫ਼ਟੀ ਮਿਸ਼ਨ ਦੇ ਟਰੇਨਰ ਅਤੇ ਰੈੱਡ ਕਰਾਸ ਦੇ ਸੇਵਾ ਮੁਕਤ ਜ਼ਿਲ੍ਹਾ ਟਰੇਨਿੰਗ ਅਫਸਰ ਨੇ ਕਿਸੇ ਵੀ ਘਟਨਾ, ਹਾਦਸੇ, ਅਚਾਨਕ ਤਬੀਅਤ ਖ਼ਰਾਬ ਹੋਕੇ ਡਿੱਗੇ ਬੇਹੋਸ਼ ਜਾ ਤੜਫ਼ ਰਹੇ ਇਨਸਾਨ ਦੀ ਜ਼ਿੰਦਗੀ ਬਚਾਉਣ ਹਿਤ ਰੈਸਕਿਯੂ, ਫ਼ਸਟ ਏਡ, ਸੀ.ਪੀ.ਆਰ., ਬਣਾਉਟੀ ਸਾਹ ਦੇਣਾ, ਫ਼ਸਟ ਏਡ ਦੀ ਏ.ਬੀ.ਸੀ.ਡੀ. ਬਾਰੇ ਜਾਣਕਾਰੀ ਦਿੱਤੀ। ਕਰੋਨਾ ਵਾਇਰਸ ਮਹਾਂਮਾਰੀ ਤੋਂ ਬਚਣ ਲਈ, ਸਫ਼ਾਈ, ਰੋਗ ਰੱਖਿਆ ਸ਼ਕਤੀ ਦੀ ਮਜ਼ਬੂਤੀ ਅਤੇ ਸੰਤੁਲਿਤ ਭੋਜਨ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਸ੍ਰੀ ਰਾਕੇਸ਼ ਸ਼ਰਮਾ, ਡਿਪਟੀ ਸੁਪਰਡੈਂਟ ਸ੍ਰੀ ਮੁਕੇਸ਼ ਸ਼ਰਮਾ, ਸੀ.ਡੀ.ਆਈ. ਇਕਬਾਲ ਸਿੰਘ ਪੰਜ ਰਾਜਾ ਅਤੇ ਦਿੱਲੀ ਤਿਹਾੜ ਜੇਲ ਤੋਂ ਆਏ ਜੇਲ ਅਧਿਕਾਰੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਜ਼ਿੰਦਗੀ, ਪ੍ਰਾਪਰਟੀ ਤੇ ਬਰਬਾਦੀ ਰੋਕਣ ਦੀ ਟਰੇਨਿੰਗ, ਸਿੱਖਿਆ ਤੇ ਕਾਰੋਬਾਰ ਦਾ ਇੱਕ ਹਿੱਸਾ ਹੋਵੇ ਅਤੇ ਸਕੂਲ ਪੱਧਰ ਤੇ ਲਗਾਤਾਰ ਵਿਦਿਆਰਥੀਆਂ ਨੂੰ ਟਰੇਨਿੰਗ ਹੋਵੇ ਸਮੇਂ-ਸਮੇਂ ਮੋਕ ਡਰਿਲ ਜਰੂਰ ਹੋਣ ਤਾਂ ਜੋ ਹਰੇਕ ਘਰ, ਸੰਸਥਾ, ਇਮਾਰਤ ਤੇ ਪਬਲਿਕ ਅਸਥਾਨ ਦੁਰਘਟਨਾਵਾਂ ਤੇ ਤਬਾਹੀ ਤੋਂ ਸੁਰੱਖਿਅਤ ਰਹੇ। ਜੇਲ ਅਧਿਕਾਰੀਆਂ ਵੱਲੋਂ ਮੋਹਿਤ ਸਿੰਗਲਾ, ਕਾਕਾ ਰਾਮ ਵਰਮਾ, ਗੌਰਵ ਕਾਲੀਆ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
2020-03-14