ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਪਿੰਡ ਬਹੂਆ ਵਾਸੀ ਦਾ ਟੈਸਟ ਪਾਜ਼ੇਟਿਵ ਆਇਆ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਅਨੁਸਾਰ ਜ਼ਿਲ੍ਹੇ ’ਚ ਹੁਣ ਤੱਕ ਕਰਵਾਏ ਗਏ 992 ਕੋਵਿਡ-19 ਟੈਸਟਾਂ ’ਚੋਂ 851 ਦੇ ਟੈਸਟ ਨੈਗੇਟਿਵ ਪਾਏ ਗਏ ਹਨ ਜਦਕਿ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਇਲਾਜ ਅਧੀਨ ਕੋਵਿਡ ਕੇਸਾਂ ਦੀ ਗਿਣਤੀ 4 ਹੈ। ਡਾ. ਭਾਟੀਆ ਅਨੁਸਾਰ 26 ਅਪਰੈਲ ਨੂੰ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਪਿੰਡ ਦੌਲਤਪੁਰ ਤੇ ਪਿੰਡ ਬਹੂਆ ਦੇ ਚਾਰ ਵਿਅਕਤੀਆਂ ’ਚੋਂ ਤਿੰਨ ਦੇ ਟੈਸਟ ਨੈਗੇਟਿਵ ਆਏ ਹਨ ਜਦੋਂ ਕਿ ਪਿੰਡ ਬਹੂਆ ਦੇ ਵਸਨੀਕ ਇੱਕ 52 ਸਾਲਾ ਵਿਅਕਤੀ ਦਾ ਟੈਸਟ ਪਾਜ਼ੇਟਿਵ ਆਇਆ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ ਦੋ ਵਿਅਕਤੀਆਂ ਨੂੰ ਉਨ੍ਹਾਂ ਦਾ ਟੈਸਟ ਨੈਗੇਟਿਵ ਆਉਣ ਕਾਰਨ ਪਹਿਲਾਂ ਹੀ ‘ਹੋਮ ਕੁਆਰਨਟਾਈਨ’ ’ਚ ਭੇਜ ਦਿੱਤਾ ਗਿਆ ਸੀ ਜਦਕਿ ਬਾਕੀ ਦੇ ਦੋ ਨੂੰ ਨਵਾਂਸ਼ਹਿਰ ਵਿਖੇ ਹੀ ਕੁਆਰਨਟਾਈਨ ’ਚ ਰੱਖਿਆ ਹੋਇਆ ਸੀ। ਡਾ. ਭਾਟੀਆ ਅਨੁਸਾਰ ਜ਼ਿਲ੍ਹੇ ਵਿਚ ਕਲ੍ਹ ਰਾਤ ਤੋਂ ਸ੍ਰੀ ਹਜ਼ੂਰ ਸਾਹਿਬ ਤੋਂ ਆਉਣੇ ਸ਼ੁਰੂ ਹੋਏ ਵਿਅਕਤੀਆਂ ’ਚੋਂ ਡਾ. ਬੀ ਆਰ ਅੰਬੇਦਕਰ ਇੰਸਟੀਚਿਊਟ ਆਫ਼ ਪੰਚਾਇਤੀ ਰਾਜ ਟ੍ਰੇਨਿੰਗ ਬਹਿਰਾਮ ਵਿਖੇ ਅਲਹਿਦਗੀ ’ਚ ਰੱਖੇ ਗਏ 35 ਵਿਅਕਤੀਆਂ ਦੇ ਟੈਸਟ ਲਏ ਜਾ ਚੁੱਕੇ ਹਨ ਅਤੇ ਬਹਿਰਾਮ ਵਿਖੇ ਰੱਖੇ ਗਏ 35 ਵਿਅਕਤੀਆਂ ’ਚੋਂ 24 ਕੋਟਨ ਫ਼ੈਕਟਰੀ ਨਾਲ ਸਬੰਧਤ ਹਨ। ਉੱਧਰ ਰਿਆਤ ਕੈਂਪਸ ਰੈਲ ਮਾਜਰਾ ਰੈਲ ਮਾਜਰਾ ਵਿਖੇ ਅਲਹਿਦਗੀ ’ਚ ਰੱਖੇ ਗਏ 83 ਵਿਅਕਤੀਆਂ ਦੇ ਟੈਸਟ ਲਏ ਗਏ ਹਨ। ਰਿਆਤ ’ਚ ਰੱਖੇ ਗਏ 83 ਵਿਅਕਤੀਆਂ ’ਚੋਂ 6 ਬੱਸਾਂ ਦੇ ਡਰਾਇਵਰ ਵੀ ਹਨ।

Share This :

Leave a Reply