ਪਠਾਨਕੋਟ (ਮੀਡੀਆ ਬਿਊਰੋ) ਬੀਤੇ ਮੰਗਲਵਾਰ ਤੜਕੇ 4 ਵਜੇ ਸਾਹ ਲੈਣ ’ਚ ਤਕਲੀਫ ਦੇ ਚੱਲਦਿਆਂ ਬੱਚੇ 6 ਸਾਲਾ ਕ੍ਰਿਸ਼ਣਾ ਦੀ ਸਮੇਂ ਸਿਰ ਆਕਸੀਜਨ ਨਾ ਮਿਲ ਸਕਣ ਕਾਰਨ ਮੌਤ ਹੋ ਗਈ ਸੀ। ਪਰਿਵਾਰ ਬੱਚੇ ਨੂੰ ਲੈ ਕੇ ਸੁਜਾਨਪੁਰ ਤੋਂ ਪਠਾਨਕੋਟ ਤੱਕ ਹਸਪਤਾਲਾਂ ਵਿਚ ਡੇਢ ਘੰਟਾ ਭਜਦਾ ਰਿਹਾ।
ਪਰ ਸਿਵਲ ਹਸਪਤਾਲ ’ਚ ਲੋੜੀਂਦੇ ਇੰਸਟਰੂਮੈਂਟ ਅਤੇ ਆਕਸੀਜਨ ਮਾਸਕ ਤੱਕ ਨਹੀਂ ਸੀ। ਪ੍ਰਾਈਵੇਟ ਹਸਪਤਾਲ ਵਾਲੇ ਡਾਕਟਰਾਂ ਨੇ ਬੱਚੇ ਨੂੰ ਅਟੈਂਡ ਤੱਕ ਨਹੀਂ ਕੀਤਾ। ਜਿਸ ਕਾਰਨ ਇਲਾਜ ਨਾ ਮਿਲ ਸਕਣ ਕਰਕੇ ਬੱਚੇ ਨੇ ਦਮ ਤੋੜ ਦਿੱਤਾ। ਇਸ ਬਾਰੇ ਸੰਸਦ ਮੈਂਬਰ ਸੰਨੀ ਦਿਓਲ ਨੇ ਮ੍ਰਿਤਕ ਬੱਚੇ ਦੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਨੂੰ ਗ੍ਰਹਿ ਮੰਤਰਾਲੇ ਦੇ ਸਾਹਮਣੇ ਉਠਾਉਣਗੇ ਅਤੇ ਇਸ ਦੀ ਜਾਂਚ ਕਰਵਾਉਣਗੇ। ਦੱਸਣਯੋਗ ਹੈ ਕਿ ਵਿਧਾਇਕ ਬੱਬੂ ਨੇ ਪਰਿਵਾਰ ਵਾਲਿਆਂ ਦੀ ਸੰਨੀ ਦਿਓਲ ਨਾਲ ਗੱਲ ਕਰਵਾਈ, ਜਿਸ ਵਿਚ ਸੰਨੀ ਨੇ ਪੂਰੀ ਘਟਨਾ ’ਤੇ ਦੁੱਖ ਪ੍ਰਗਟਾਉਂਦਿਆਂ ਸਿਸਟਮ ਦੀ ਲਾਪਰਵਾਹੀ ਨੂੰ ਕਸੂਰਵਾਰ ਠਹਿਰਾਇਆ। ਸੰਸਦ ਮੈਂਬਰ ਨੇ ਕਿਹਾ ਕਿ ਸਥਾਨਕ ਪੱਧਰ ’ਤੇ ਜੇਕਰ ਇਸ ਘਟਨਾ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਤਾਂ ਉਹ ਗ੍ਰਹਿ ਮੰਤਰਾਲੇ ਨੂੰ ਇਸ ਦੀ ਜਾਣਕਾਰੀ ਦੇਣਗੇ ਅਤੇ ਉਥੋਂ ਇਸ ਦੀ ਉਚਿਤ ਜਾਂਚ ਕਰਵਾਉਣਗੇ। ਉਨ੍ਹਾਂ ਕਿਹਾ ਕਿ ਸਿਹਤ ਸਣੇ ਹੋਰ ਮਾਮਲਿਆਂ ਵਿਚ ਵੀ ਕਮੀਆਂ ਨੂੰ ਸਾਹਮਣੇ ਲਿਆ ਕੇ ਇਨ੍ਹਾਂ ਨੂੰ ਦੂਰ ਕਰਵਾਇਆ ਜਾਵੇਗਾ। ਜੇਕਰ ਇਨ੍ਹਾਂ ’ਤੇ ਪਰਦਾ ਪਾਇਆ ਜਾ ਰਿਹਾ ਹੈ ਤਾਂ ਇਹ ਮੰਦਭਾਗਾ ਹੈ। ਉਥੇ ਵਿਧਾਇਕ ਦਿਨੇਸ਼ ਬੱਬੂ ਨੇ ਕਿਹਾ ਕਿ ਇਹ ਘਟਨਾ ਸੂਬੇ ਅਤੇ ਪਠਾਨਕੋਟ ਨੂੰ ਸ਼ਰਮਸਾਰ ਕਰਨ ਵਾਲੀ ਹੈ।
ਬੁੱਧਵਾਰ ਨੂੰ ਵਿਧਾਇਕ ਬੱਬੂ ਕ੍ਰਿਸ਼ਣਾ ਪੀੜਤ ਪਰਿਵਾਰ ਨੂੰ ਮਿਲੇ ਤਾਂ ਪਰਿਵਾਰ ਨੇ ਡਾਕਟਰਾਂ ਦੀ ਲਾਪਰਵਾਹੀ ਨੂੰ ਉਨ੍ਹਾਂ ਦੇ ਬੱਚੇ ਦੀ ਮੌਤ ਦਾ ਕਾਰਨ ਦੱਸਿਆ। ਵਿਧਾਇਕ ਦਿਨੇਸ਼ ਸਿੰਘ ਬੱਬੂ ਨੇ ਸਿਵਲ ਸਰਜਨ ਦੇ ਰਵੱਈਏ ’ਤੇ ਅਫਸੋਸ ਪ੍ਰਗਟਾਇਆ ਜਿਨ੍ਹਾਂ ਨੇ ਉਨ੍ਹਾਂ ਦੀ ਗੱਲ ਤੱਕ ਨਾ ਸੁਣੀ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਲਾਪਰਵਾਹੀ ਨਾਲ ਬੱਚੇ ਦੀ ਜਾਨ ਗਈ ਹੈ ਅਤੇ ਮੁੱਖ ਮੰਤਰੀ ਕੋਲ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਜਾਵੇਗੀ ਤੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਏਗਾ। ਜ਼ਿਕਰਯੋਗ ਹੈ ਕਿ 6 ਸਾਲਾ ਕ੍ਰਿਸ਼ਣਾ ਦੀ ਮੌਤ ਹਾਰਟ ਡਿਸੀਜ਼ ਨਾਲ ਹੋਣ ਦਾ ਦਾਅਵਾ ਕਰਨ ਵਾਲੇ ਹੈਲਥ ਡਿਪਾਰਟਮੈਂਟ ਨੇ ਸੁਜਾਨਪੁਰ ਦੇ ਕਸ਼ਮੀਰੀ ਮੁਹੱਲਾ ਵਿਚ ਉਨ੍ਹਾਂ ਦੇ ਘਰ ਦੇ ਬਾਹਰ ਕੁਆਰੰਟਾਈਨ ਦੇ ਪੋਸਟਰ ਚਿਪਕਾ ਦਿੱਤੇ ਹਨ ਅਤੇ ਪਰਿਵਾਰ ਦੇ 12 ਮੈਂਬਰਾਂ ਨੂੰ ਇਕਾਂਤਵਾਸ ਦੇ ਹੁਕਮ ਜਾਰੀ ਕਰ ਦਿੱਤੇ ਹਨ।