ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਵਲੋਂ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਲੋਕ ਸਭਾ ਹਲਕੇ ਸ੍ਰੀ ਆਨੰਦਪੁਰ ਸਾਹਿਬ ਵਿਚ ਸਿਹਤ ਸੁਵਿਧਾਵਾਂ ਬਾਰੇ ਜ਼ਾਇਜ਼ਾ ਲੈਣ ਲਈ ਸਬੰਧਤ ਚਾਰਾਂ ਜਿਲਿ੍ਹਆਂ ਰੂਪਨਗਰ, ਹੁਸ਼ਿਆਰਪੁਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਮੋਹਾਲੀ ਦੇ ਸਿਵਲ ਸਰਜਨਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ ਗਈ। ਸ੍ਰੀ ਤਿਵਾੜੀ ਨੇ ਕੋਰੋਨਾ ਖਿਲਾਫ ਲੜਾਈ ‘ਚ ਜਿਥੇ ਸਿਹਤ ਵਿਭਾਗ ਦੀਆਂ ਕੋਸ਼ਿਸ਼ਾਂ ਦੀਆਂ ਭਾਰੀ ਸ਼ਲਾਘਾ ਕੀਤੀ, ਉਥੇ ਹੀ ਵਿਭਾਗ ਦੀਆਂ ਲੋੜਾਂ ਨੂੰ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਵੀਡੀਓ ਕਾਨਫਰੰਸਿੰਗ ਦੌਰਾਨ ਚਾਰਾਂ ਜਿਲਿ੍ਹਆਂ ਦੇ ਸਿਵਲ ਸਰਜਨਾਂ ਹੁਸ਼ਿਆਰਪੁਰ ਤੋਂ ਡਾ. ਜਸਬੀਰ ਸਿੰਘ, ਸ਼ਹੀਦ ਸ਼ਹੀਦ ਭਗਤ ਸਿੰਘ ਨਗਰ ਤੋਂ ਡਾ ਰਜਿੰਦਰ ਪ੍ਰਸਾਦ ਭਾਟੀਆ, ਮੋਹਾਲੀ ਤੋਂ ਡਾ. ਮਨਜੀਤ ਸਿੰਘ ਤੇ ਰੂਪਨਗਰ ਤੋਂ ਡਾ. ਐਚ.ਐਨ. ਸ਼ਰਮਾ ਨੇ ਕਿਸ ਤਰ੍ਹਾਂ ਸਿਹਤ ਵਿਭਾਗ ਕੋਰੋਨਾ ਖਿਲਾਫ ਲੜਾਈ ਲੜ ਰਿਹਾ ਹੈ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਐਮ.ਪੀ. ਮੁਨੀਸ਼ ਤਿਵਾੜੀ ਨੇ ਮੈਡੀਕਲ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਰੋਨਾ ਖਿਲਾਫ ਉਹ ਫਰੰਟ ਲਾਈਨ ਤੇ ਜੰਗ ਲੜ ਰਹੇ ਹਨ। ਉਨ੍ਹਾਂ ਦੀ ਸਖਤ ਮਿਹਨਤ ਦਾ ਹੀ ਨਤੀਜਾ ਸੀ ਕਿ ਨਵਾਂਸ਼ਹਿਰ ਨੂੰ ਇਕ ਵਾਰ ਕੋਰੋਨਾ ਮੁਕਤ ਕਰ ਦਿੱਤਾ ਸੀ। ਮੈਡੀਕਲ ਸਟਾਫ ਇਸ ਮਹਾਂਮਾਰੀ ਦਾ ਕੋਈ ਇਲਾਜ ਨਾ ਹੋਣ ਦੇ ਬਾਵਜੂਦ ਵੀ ਦਿਨ-ਰਾਤ ਮਿਹਨਤ ਕਰ ਰਿਹਾ ਹੈ, ਜੋ ਨਿਰੰਤਰ ਡਿਊਟੀ ਕਰਨ ਦੇ ਨਾਲ-ਨਾਲ ਕਈ ਦਿਨਾਂ ਤੱਕ ਪਰਿਵਾਰਾਂ ਨਾਲ ਨਹੀਂ ਮਿਲਦੇ। ਇਸੇ ਤਰ੍ਹਾਂ ਪੀ.ਪੀ.ਈ. ਕਿੱਟਾਂ ਦੀ ਘਾਟ ਦਾ ਅਹਿਮ ਮੁੱਦਾ ਵੀ ਉਨ੍ਹਾਂ ਕੇਂਦਰ ਸਰਕਾਰ ਕੋਲ ਚੁੱਕਣ ਦਾ ਭਰੋਸਾ ਦਿੱਤਾ।






















