#ਸਾਡੇ_ਆਸਟ੍ਰੇਲੀਆਈ_ਪਾੜ੍ਹਿਆਂ_ਦਾ_ਭਾਈਚਾਰੇ_ਨੂੰ_ਮੱਦਦ_ਬਾਬਤ_ਨਿਮਰ_ਸੁਨੇਹਾ। 📎 ਹਰਜੀਤ ਲਸਾੜਾ🇦🇺
ਕਰੋਨਾ ਮਹਾਮਾਰੀ ਅਤੇ ਦੇਸ਼ਾਂ ਦੀ ਡਿੱਗਦੀ ਆਰਥਿਕਤਾ ਦੇ ਚੱਲਦਿਆਂ ਜਦੋਂ ਦਾ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਦਾ ਵਿਦੇਸ਼ੀ ਪਾੜ੍ਹਿਆਂ ਲਈ ਬਿਆਨ ਆਇਆ ਕਿ ਅਗਰ ਖ਼ਰਚਾ ਨਹੀਂ ਹੈ ਤਾਂ ਆਪਣੇ ਦੇਸ਼ ਵਾਪਸ ਜਾਓ। ਉਦੋਂ ਤੋਂ ਸੋਸ਼ਲ ਮੀਡੀਆ ‘ਤੇ ਸਹਾਇਤਾ ਦੇ ਨਾ ’ਤੇ ਪੋਸਟਾਂ ਦਾ ਭੁਚਾਲ ਆਇਆ ਪਿਆ ਹੈ। ਬੁਰੇ ਸਮੇਂ ਮਦਦ ਕਰਨੀ ਵੀ ਬਣਦੀ ਹੈ। ਬਹੁਤ ਚੰਗੀ ਗੱਲ ਹੈ। ਸ਼ਾਬਾਸ਼ ਹੈ ਉੱਦਮੀਆਂ ਦੇ। ਪਰ ਸਮੂਹ ਮਾਈ-ਭਾਈ ਜੀ, ਜ਼ਰਾ ਗੌਰ ਕਰੋ। ਜ਼ਿਆਦਾਤਰ ਪੋਸਟਾਂ ‘ਚ ਵਿਦਿਆਰਥੀਆਂ ਨੂੰ ਰਹਾਇਸ਼ ਅਤੇ ਖਾਣੇ ਬਾਬਤ ਸਹਾਇਤਾ ਦੇ ਨਾ ‘ਤੇ ਹਮਦਰਦੀ ਪੋਸਟਾਂ ਪੈ ਰਹੀਆਂ ਹਨ। ਕੁੱਝ ਫੰਡ ਰੇਸਰ (ਬਹੁਤੇ ਨਿੱਜੀ ਤੇ ਅਣਅਧਿਕਾਰਤ) ਵੀ ਲਗਾਏ ਗਏ ਹਨ। ਜਿਹਨਾਂ ਦਾ ਭਾਰਤੀ ਹਾਈ ਕਮਿਸ਼ਨ ਕੈਨਬਰਾ ਨੂੰ ਸ਼ਾਇਦ ਪਤਾ ਵੀ ਨਹੀਂ ਹੈ। ਜਦਕਿ, ਹਾਈ ਕਮਿਸ਼ਨ ਨੇ ਮੱਦਦ ਲਈ ਲਾਇਨਾਂ ਵੀ ਖੋਲ੍ਹ ਰੱਖੀਆਂ ਹਨ। ਖ਼ੈਰ…
ਇਸ ਗੰਭੀਰ ਤ੍ਰਾਸਦੀ ਦੇ ਚੱਲਦਿਆਂ ਕਾਫ਼ੀ ਵਿਦਿਆਰਥੀਆਂ ਦੇ ਨਿੱਜੀ ਮਸ਼ਵਰੇ ਤੋਂ ਇਹ ਸੁਨੇਹਾ ਸਾਂਝਾ ਕਰ ਰਿਹਾ ਹਾਂ। ਸ਼ਾਇਦ, ਸਾਡੇ ਵਿਦਿਆਰਥੀਆਂ ਨੂੰ ਰਹਾਇਸ਼ ਅਤੇ ਭੋਜਨ ਦੀ ਆਸਟ੍ਰੇਲੀਆ ‘ਚ ਇੰਨੀ ਦਿੱਕਤ ਨਹੀਂ ਹੈ ਜਿੰਨਾ ਫੇਸਬੁੱਕ ‘ਤੇ ਪ੍ਰਚਾਰਿਆ ਜਾ ਰਿਹਾ ਹੈ। ਕੁੱਝ ਗੱਲਾਂ ‘ਤੇ ਇਮਾਨਦਾਰੀ ਨਾਲ ਵਿਚਾਰ ਕਰਨਾ ਬਣਦਾ ਹੈ। ਵਿਦਿਆਰਥੀਆਂ ਨੂੰ ਇੰਨਾ ਵੀ ਵਿਚਾਰਾ ਨਾ ਬਣਾਓ ਕਿ ਉਹਨਾਂ ਦੇ ਪੰਜਾਬ(ਭਾਰਤ ਅਤੇ ਹੋਰ) ਬੈਠੇ ਮਾਂ-ਬਾਪ/ਭਾਈ-ਭੈਣ/ਰਿਸ਼ਤੇਦਾਰ ਫਿਕਰਾਂ ‘ਚ ਹੀ ਨਿਰਾਸ਼ੇ ਜਾਣ। ਇਹ ਸੋਚ ਕਿ ਪਤਾ ਨੀ ਉਹਨਾਂ ਦੇ ਪੁੱਤ/ਬੇਟੀਆਂ ਦਾ ਇੰਨਾ ਬੁਰਾ ਹਾਲ ਹੈ! ਮਸਲਨ, ਮੱਦਦ ਜ਼ਰੂਰ ਕਰੋ ਪਰ ਜੋ ਅਸਲ ‘ਚ ਕਰਨੀ ਬਣਦੀ ਹੈ ਅਤੇ ਜੋ ਸਮੇਂ ਦੀ ਮੰਗ ਹੈ। ਪਾੜ੍ਹੇ ਅਸਲ ‘ਚ ਕੀ ਤਵੱਕੋ ਰੱਖਦੇ ਹਨ?
🔍#ਅਸੀਂ_ਫਿਲਹਾਲ_ਕੀ_ਪਰੋਸ_ਰਹੇ_ਹਾਂ?
ਕਰੋਨਾ ਮਹਾਮਾਰੀ ਤੋਂ ਪਹਿਲਾਂ ਜਿਹੜੇ ਪਾੜ੍ਹੇ ਆਪਣੀਆਂ ਰਹਾਇਸ਼ਾਂ ‘ਚ ਰਹਿ ਰਹੇ ਸਨ। ਉਹ ਹੁਣ ਵੀ ਉੱਥੇ ਹੀ ਹਨ। ਪਹਿਲਾਂ ਵੀ ਆਪਣਾ ਵਧੀਆ ਖਾ ਰਹੇ ਸਨ ਤੇ ਹੁਣ ਵੀ ਸਾਂਝ ‘ਚ ਸਮਾਂ ਪੁਗਾ ਰਹੇ ਹਨ। ਹਾਂ, ਮਹਾਮਾਰੀ ਤੋਂ ਬਾਅਦ ਕੰਮਾਂ ‘ਤੇ ਕਾਫ਼ੀ ਲੱਤ ਵੱਜੀ ਹੈ। ਪਰ, ਆਸਟ੍ਰੇਲੀਆ ‘ਚ ਪੂਰਨ ਤਾਲਾਬੰਦੀ ਵੀ ਨਹੀਂ ਹੋਈ ਹੈ। ਕੁੱਝ ਕੰਮ-ਧੰਦਾ ਚੱਲ ਵੀ ਰਿਹਾ ਹੈ। ਪਾੜ੍ਹੇ ਜ਼ਿਆਦਾਤਰ ਗਰੁੱਪਾਂ ‘ਚ ਰਹਿੰਦੇ ਹਨ। ਇਸ ਲਈ ਸਾਂਝ (ਸ਼ੇਅਰਿੰਗ) ‘ਚ ਭੋਜਨ ਸਮੱਗਰੀ ਦੀ ਇਹਨਾਂ ਕਦੀ ਤੋਟ ਨੀ ਆਣ ਦਿੱਤੀ। ਮੈਨੂੰ ਨੀ ਲੱਗਦਾ ਕਿ ਇਸ ਮਹਾਮਾਰੀ ਦੌਰਾਨ ਕਿਸੇ ਪਾੜ੍ਹੇ ਨੇ ਅਜੇ ਭੋਜਨ ਲਈ ਹੱਥ ਅੱਡੇ ਹੋਣਗੇ। ਜਾਂ ਕਿਹਾ ਹੋਵੇ ਕਿ ਅਸੀਂ ਭੁੱਖੇ ਹਾਂ। ਨਹੀਂ…। ਬਹੁਤ ਰਿਜ਼ਕ ਤੇ ਸਬਰ ਹੈ ਇਹਨਾਂ ਪਾੜ੍ਹਿਆਂ ‘ਚ। ਮਿਹਨਤਾਂ ਕਾਇਮ ਹਨ। ਨਾਲ਼ੇ ਸਾਡੇ ਗੁਰੂਘਰ ਅਤੇ ਵਲੰਟੀਅਰਸ ਫ਼ਰੀ ਲੰਗਰ ਦੇ ਰਹੇ ਹਨ। ਤੁਹਾਡੀਆਂ ਹਰ ਰੋਜ਼ ਪਾੜ੍ਹਿਆਂ ਬਾਬਤ ਪਾਈਆਂ ਪੋਸਟਾਂ ਕਿ ਆਜੋ ਮੇਰੇ ਕੰਨੀ, ਮੈਂ ਰਹਾਇਸ਼ ਵੀ ਦਊਂ ਤੇ ਭੋਜਨ ਵੀ। ਇਹ ਵਰਤਾਰਾ ਇਹਨਾਂ ਦੇ ਪੰਜਾਬ ਵਸਦੇ ਟੱਬਰਾਂ ਨੂੰ ਬੇਲੋੜਾ ਫ਼ਿਕਰਾਂ ‘ਚ ਸੁੱਟ ਕਿਸੇ ਦੀ ਜਾਨ ਜ਼ਰੂਰ ਲੈ ਜਾਵੇਗਾ। ਮਸਲਾ ਰੋਟੀ ਤੇ ਰਹਾਇਸ਼ ਦਾ ਨਹੀਂ ਹੈ ਭਾਈ-ਵੀਰੋ। ਇੰਨਾ ਕੁ ਤਾਂ ਪਾੜ੍ਹੇ ਆਪੇ ਦੱਬੀ ਫਿਰਦੇ ਆ।
ਕੰਮਾਂ ਦੀ ਮੰਦੀ ਪਾੜ੍ਹਿਆਂ ਨੂੰ ਸਤਾ ਰਹੀ ਹੈ। ਫ਼ੈਕਟਰੀਆਂ, ਟੈੱਕਸੀ/ਰਾਇਡ ਸ਼ੇਅਰ, ਕਲੀਨਿੰਗ, ਕੇਫ਼ੇ/ਰੈੱਸਤਰਾਂ/ਕਲੱਬਾਂ ਆਦਿ ‘ਚ ਕੰਮਾਂ ‘ਚ ਰਿਕਾਰਡ ਗਿਰਾਵਟ ਦਰਜ਼ ਹੋਈ ਹੈ।
🔅ਪਾੜ੍ਹਿਆਂ ਦੀਆਂ ਅਗਾਊਂ ਫ਼ੀਸਾਂ ਸਿਰ ‘ਤੇ ਖੜੀਆਂ ਹਨ। 15-20 ਸੱਜਣ ਜੋ ਵਿੱਤੀ ਸਹਾਇਤਾ ਕਰ ਸਕਦੇ ਹਨ ਉਹ ਕਿਸੇ ਇਕ ਪਾੜ੍ਹੇ ਦੀ ਫ਼ੀਸ ਦਾ ਪ੍ਰਬੰਧ ਕਰ ਦੇਣ। ਪੈਸੇ ਸਿੱਧੇ ਪਾੜ੍ਹੇ ਦੇ ਅਕਾਊਟ ‘ਚ।
🔅ਖੇਡ ਕਮੇਟੀਆਂ/ਕਲੱਬਾਂ/ਸੰਸਥਾਵਾਂ ਵੀ ਫੀਸਾਂ ਲਈ ਵਿੱਤੀ (ਪੈਸੇ ਨਾਲ਼) ਸਹਾਇਤਾ ਕਰ ਸਕਦੀਆਂ ਹਨ।
🔅ਮੰਦੀ ਦੇ ਸਮੇਂ ਪਾੜ੍ਹਿਆਂ ਨੂੰ ਅਗਰ ਕੰਮ ਦੇ ਰਹੇ ਹੋ ਤਾਂ ਉਹਨਾਂ ਦੀ ਮਜ਼ਬੂਰੀ ਦਾ ਫ਼ਾਇਦਾ ਨਾ ਚੁੱਕਿਆਂ ਜਾਵੇ। ਖ਼ਾਸ ਕਰਕੇ ਕਈ ਕੰਮ ਵਾਲ਼ੇ ਸਥਾਨਾਂ ‘ਤੇ ਲੜਕੀਆਂ ਦੇ ਸ਼ੋਸ਼ਣ ਦਾ ਮੁੱਦਾ ਗੰਭੀਰ ਰੂਪ ਲੈ ਰਿਹਾ ਹੈ। ਇਹ ਮਾੜੀ ਮਾਨਸਿਕਤਾ ਦੀ ਨਿਸ਼ਾਨੀ ਹੈ। ਹੋ ਸਕੇ ਤਾਂ ਪਾੜ੍ਹਿਆਂ ਨੂੰ ਆਪਣੀਆਂ ਦੁਕਾਨਾਂ ਆਦਿ ਤੇ ਸ਼ਿਫ਼ਟਾਂ ‘ਚ ਕੰਮ ਦਿਓ। ਬਹੁਤੀਆਂ ਦੁਕਾਨਾਂ ਦਾ ਕੰਮ ਅਜੇ ਵੀ ਧੜੱਲੇ ਨਾਲ ਚੱਲ ਰਿਹਾ ਹੈ।
🔅ਪਾੜ੍ਹਿਆਂ ਦੀ ਲਿਸਟ ਬਣਾਓ ਜਿਹਨਾਂ ਨੂੰ ਵਿੱਤੀ (ਪੈਸੇ ਦੀ) ਔਖ ਆ ਸਕਦੀ ਹੈ। ਸਿੱਧਾ ਪੈਸੇ ਨਾਲ ਸਹਾਇਤਾ ਕਰੋ। ਨਾ ਕਿ ਆਪਣਾ ਨਿੱਜ ਜਾਂ ਵਪਾਰਕ ਅਦਾਰੇ ਨੂੰ ਚਮਕਾਉਣ ਬਾਬਤ ਸਿਰਫ਼ ਰਹਾਇਸ਼ ਤੇ ਭੋਜਨ ਦੀ ਗੱਲ ਕਰਕੇ ਗੋਂਗਲੂਆਂ ਤੋਂ ਮਿੱਟੀ ਝਾੜੋ।
🔅ਪਾੜ੍ਹਿਆਂ ਦੀ ਆਈ ਡੀ ਦੇਖ ਸਸਤੀ ਗਰੌਸਰੀ ਵੀ ਦੇ ਸਕਦੇ ਹੋ। ਪਰ, ਬਹੁਤੀਆਂ ਦੁਕਾਨਾਂ ਦੇ ਇਸ ਸਮੇਂ ਚੱਕੇ ਹੋਏ ਰੇਟ ਇਹਨਾਂ ਪਾੜ੍ਹਿਆਂ ਨੂੰ ਮੱਦਦ ਦੀ ਬਜਾਏ ਉਲਟਾਂ ਚਿੜਾ ਰਹੇ ਹਨ। ਇਹ ਚੰਗਾ ਸੁਨੇਹਾ ਨਹੀਂ ਹੈ।
🔅ਭਾਈਚਾਰੇ ਵਲੋਂ ਇਕ-ਦੋ ਫ਼ੋਨ ਨੰਬਰ ਉਪਲਬਧ ਕਰਵਾਏ ਜਾਣ। ਤਾਂ ਕਿ ਜ਼ਰੂਰਤ ਪੈਣ ‘ਤੇ ਪਾੜ੍ਹੇ ਉਸਤੇ ਸਿੱਧਾ ਸੰਪਰਕ ਕਰ ਸਕਣ। ਜ਼ਰੂਰਤਮੰਦ ਦੇ ਅਕਾਊਂਟ ‘ਚ ਸਿੱਧੇ ਪੈਸੇ ਪਾਉਣ ਦਾ ਪ੍ਰਬੰਧ ਕਰੋ।
🔅ਮਹਾਮਾਰੀ ਕਾਰਨ ਵੀਜ਼ਿਆਂ ਸੰਬੰਧੀ ਮੁਫ਼ਤ ਜਾਣਕਾਰੀ ਤੇ ਨਿਪਟਾਰੇ ਲਈ ਸਹਿਯੋਗ ਹੋਵੇ। ਕੁੱਝ ਉੱਦਮੀ ਇਹ ਸਾਰਥਕ ਕੋਸ਼ਿਸ਼ਾਂ ਕਰ ਵੀ ਰਹੇ ਹਨ। ਉਹ ਧੰਨਵਾਦ ਦੇ ਪਾਤਰ ਹਨ।
🔊ਬਸ ਇੰਨਾ ਕਰ ਦਿਓ… ਅਸੀਸਾਂ ਦੇਣਗੇ। ਨਾਲ਼ੇ ਭਾਰਤੀ/ਪੰਜਾਬੀ ਭਾਈਚਾਰੇ ਦਾ ਨਾ ਰੌਸ਼ਨ ਹੋਵੇਗਾ। ਮਨੁੱਖਤਾ ਲਈ ਤੁਹਾਡਾ ਕੀਤਾ ਇਹ ਉਪਰਾਲਾ ਇਕ ਚੰਗੀ ਲਾਗ ਬਣ ਹੋਰ ਮੁਲਕਾਂ ‘ਚ ਵੀ ਕਰੋਨਾ ਵਾਂਗ ਦਿਨਾਂ ‘ਚ ਪਸਰੂ। ਮੁੱਕਦੀ ਗੱਲ ਇਹ ਕਿ ਮੱਦਦ ਜ਼ਰੂਰ ਕਰੋ ਪਰ ਪਾੜ੍ਹਿਆਂ ਨੂੰ ਵਿਚਾਰੇ ਬਣਾ ਨਹੀਂ।
ਜ਼ਮਾਨਾ ਦੇਖ ਰਿਹਾ ਹੈ।
ਮਨੁੱਖਤਾ ਜ਼ਿੰਦਾਬਾਦ। Humanity alive