ਸਵੈ-ਸਹਾਇਤਾ ਸਮੂਹ ਦੀ ਮਦਦ ਨਾਲ ਸ਼ੁਰੂ ਕੀਤੇ ਫੁਲਕਾਰੀ ਦੇ ਕੰਮ ਨੇ ਦਿਲਵਾਈ ਸਫਲਤਾ-ਹਰਜਿੰਦਰ ਕੌਰ

ਹਰਜਿੰਦਰ ਕੌਰ ਮੇਲੇ ਦੌਰਾਨ ਫੁਲਕਾਰੀ ਦੀ ਸਟਾਲ ਤੇ ਆਪਣਾ ਸਮਾਂ ਵੇਚਦੀ ਹੋਈ

ਪਟਿਆਲਾ ( ਅਰਵਿੰਦਰ ਸਿੰਘ) ਪਟਿਆਲਾ ਜ਼ਿਲ੍ਹੇ ਦੇ ਪਿੰਡ ਬੋਲੜ ਕਲਾਂ ਦੇ ਮੱਧ ਵਰਗੀ ਕਿਸਾਨ ਪਰਿਵਾਰ ਦੀ ਹਰਜਿੰਦਰ ਕੌਰ ਨੇ ਆਜੀਵਿਕਾ ਮਿਸ਼ਨ ਨਾਲ ਜੁੜਕੇ ਸਵੈ ਸਹਾਇਤਾ ਸਮੂਹ ਨਾਲ ਮਿਲਕੇ ਸ਼ੁਰੂ ਕੀਤੇ ਫੁਲਕਾਰੀ ਦੇ ਕੰਮ ਨਾਲ ਜਿਥੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਉਥੇ ਹੀ ਆਪਣੇ ਸੁਪਨਿਆਂ ਨੂੰ ਸਾਕਾਰ ਕੀਤਾ ਹੈ। ਆਪਣੀ ਸਫਲਤਾ ਦੀ ਕਹਾਣੀ ਦੱਸਦਿਆ ਹਰਜਿੰਦਰ ਕੌਰ ਨੇ ਕਿਹਾ ਕਿ ਉਸਦਾ ਵਿਆਹ ਕਿਸਾਨ ਪਰਿਵਾਰ ਵਿੱਚ 1997 ਨੂੰ ਹੋਇਆ ਅਤੇ ਉਸਦੀ ਖਾਹਿਸ਼ ਸੀ ਕਿ ਉਹ ਆਪਣਾ ਕੰਮ ਸ਼ੁਰੂ ਕਰੇ ਅਤੇ ਇਸ ਲਈ ਉਸਦੇ ਸਹੁਰੇ ਪਰਿਵਾਰ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ। ਹਰਜਿੰਦਰ ਕੌਰ ਨੇ ਦੱਸਿਆ ਕਿ ਪਹਿਲਾਂ ਉਸਨੇ ਆਪਣੇ ਪਿੰਡ ਵਿੱਚ 100 ਰੁਪਏ ਮਹੀਨੇ ਦੀ ਇਕ ਕੰਬਲਾਂ ਦੀ ਕਮੇਟੀ ਸ਼ੁਰੂ ਕੀਤੀ ਜੋ ਪੂਰੀ ਤਰ੍ਹਾਂ ਸਹੀ ਚੱਲੀ ਜਿਸ ਨਾਲ ਉਸ ਦਾ ਹੌਸਲਾ ਵਧਿਆ ਤੇ ਪਿੰਡ ਦੀਆਂ ਔਰਤਾਂ ਵੱਲੋਂ ਵੀ ਉਸ ਨਾਲ ਮਿਲਕੇ ਕੰਮ ਕਰਨ ਦੀ ਇੱਛਾ ਜਤਾਈ ਗਈ ਅਤੇ ਉਨ੍ਹਾਂ ਵੱਲੋਂ ਮਿਲਕੇ ਫੁਲਕਾਰੀ ਦਾ ਕੰਮ ਸ਼ੁਰੂ ਕੀਤਾ ਗਿਆ। ਹਰਜਿੰਦਰ ਕੌਰ ਨੇ ਦੱਸਿਆ ਕਿ ਕੰਮ ਤਾਂ ਠੀਕ ਸੀ ਪਰ ਸਮੱਸਿਆ ਇਹ ਸੀ ਕਿ ਬਾਜ਼ਾਰ ਵਿੱਚ ਕੰਮ ਦੀ ਸਹੀ ਕੀਮਤ ਨਹੀਂ ਮਿਲਦੀ ਸੀ। ਉਸ ਸਮੇਂ ਉਨ੍ਹਾਂ ਆਜੀਵਿਕਾ ਸਕੀਮ ਬਾਰੇ ਸੁਣਿਆ ਤੇ ਸਵੈ ਸਹਾਇਤਾ ਸਮੂਹ ਸਿਮਰਨ ਨਾਲ ਉਨ੍ਹਾਂ ਨੂੰ ਜੁੜਨ ਦਾ ਮੌਕਾ ਮਿਲਿਆ। ਹਰਜਿੰਦਰ ਕੌਰ ਨੇ ਦੱਸਿਆ ਕਿ ਸਵੈ ਸਹਾਇਤਾ ਸਮੂਹ ਨਾਲ ਜੁੜਨ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਸਾਮਾਨ ਵੇਚਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਈ ਅਤੇ ਪੇਂਡੂ ਵਿਕਾਸ ਵਿਭਾਗ ਵੱਲੋਂ ਲਗਾਏ ਜਾਂਦੇ ਮੇਲਿਆਂ ਵਿੱਚ ਉਨ੍ਹਾਂ ਦੇ ਸਮੂਹ ਵੱਲੋਂ ਬਣਾਏ ਸਮਾਨ ਦੀ ਕਾਫ਼ੀ ਮੰਗ ਰਹੀ। ਉਸਨੇ ਦੱਸਿਆ ਕਿ ਸਮੂਹ ਵੱਲੋਂ ਹੁਸ਼ਿਆਰਪੁਰ ਵਿਖੇ ਲੱਗੇ ਸਰਸ ਮੇਲੇ ਵਿੱਚ ਫੁਲਕਾਰੀਆਂ ਦੀ ਸਟਾਲ ਲਗਾਈ ਗਈ ਜਿਸ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਅਤੇ ਸਮੂਹ ਨੂੰ ਚੰਗੀ ਆਮਦਨ ਹੋਈ  ਇਸ ਉਪਰੰਤ ਸਮੂਹ ਵੱਲੋਂ ਹੋਰ ਮਿਹਨਤ ਕੀਤੀ ਗਈ ਅਤੇ ਪਠਾਨਕੋਟ ਵਿਖੇ ਲੱਗੇ ਕਰਾਫ਼ਟ ਮੇਲੇ ਸਮੇਤ ਦਿੱਲੀ ਵਿਖੇ ਪ੍ਰਗਤੀ ਮੈਦਾਨ ‘ਚ ਲੱਗੇ ਅੰਤਰ ਰਾਸ਼ਟਰੀ ਮੇਲੇ, ਮਹਾ ਲਕਸ਼ਮੀ ਮੁੰਬਈ ਅਤੇ ਜੈਪੁਰ ਮੇਲੇ ਵਿੱਚ ਸਮੂਹ ਵੱਲੋਂ ਤਿਆਰ ਕੀਤੇ ਸਾਮਾਨ ਦੀ ਵਿੱਕਰੀ ਨਾਲ ਸਮੂਹ ਨੂੰ ਕਾਫ਼ੀ ਲਾਭ ਹੋਇਆ।
ਆਪਣੇ ਪਿੰਡ ਬਾਰੇ ਦੱਸਦਿਆ ਹਰਜਿੰਦਰ ਕੌਰ ਨੇ ਕਿਹਾ ਕਿ ਉਸ ਦੇ ਪਿੰਡ ਵਿੱਚ ਹੁਣ ਕੁੱਲ 17 ਸਵੈ ਸਹਾਇਤਾ ਸਮੂਹ ਫੁੱਲਕਾਰੀ ਬਣਾਉਣ ਦਾ ਕੰਮ ਕਰ ਰਹੇ ਹਨ ਜਿਸ ‘ਚ ਆਲੇ-ਦੁਆਲੇ ਦੇ ਪਿੰਡਾਂ ਦੀਆਂ ਔਰਤਾਂ ਵੀ ਕੰਮ ਕਰ ਰਹੀਆਂ ਹਨ। ਹਰਜਿੰਦਰ ਕੌਰ ਨੇ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਆਜੀਵਿਕਾ ਮਿਸ਼ਨ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ ਤਾਂ ਜੋ ਹਰ ਬੇਰੋਜਗਾਰ ਨੂੰ ਰੋਜਗਾਰ ਮਿਲੇ ਜਿਸ ਤਰ੍ਹਾਂ ਸਾਡੇ ਪਿੰਡ ਦੀਆਂ ਔਰਤਾਂ ਨੂੰ ਰੋਜ਼ਗਾਰ ਮਿਲਿਆ ਹੈ ਅਤੇ ਸਾਡੇ ਸੁਪਨੇ ਸਾਕਾਰ ਹੋਏ ਹਨ ਉਸੇ ਤਰ੍ਹਾਂ ਮੇਰੀ ਹਰ ਭੈਣ ਦੇ ਸੁਪਨੇ ਪੂਰੇ ਹੋਣ। ਉਸ ਨੇ ਦੱਸਿਆ ਕਿ ਮੈਨੂੰ ਪਿਛਲੇ ਮੇਲੇ ਵਿੱਚ ਬੈਸਟ ਸੈਲਰ ਦਾ ਇਨਾਮ ਮਿਲਿਆ ਹੈ ਜੋ ਸਾਡੇ ਸਮੂਹ ਲਈ ਮਾਣ ਵਾਲੀ ਗੱਲ ਹੈ।

Share This :

Leave a Reply