
ਬੰਗਾ (ਏ-ਆਰ. ਆਰ. ਐੱਸ. ਸੰਧੂ) ਕੋਵਿਡ-19 ਲਾਕਡਾਊਨ ਅਤੇ ਕਰਫ਼ਿਊ ਦੌਰਾਨ ਓਟ ਸੈਂਟਰਾਂ ਨਾਲ ਰਜਿਸਟ੍ਰਡ ਨਸ਼ਾ ਪੀੜਤਾਂ ਨੂੰ ਦਿੱਤੀ ਜਾਣ ਵਾਲੀ ਇਲਾਜ ਸੁਵਿਧਾ ’ਚ ਪੰਜਾਬ ਸਰਕਾਰ ਨੇ ਘਰ ਲਿਜਾਣ ਵਾਲੀ ਦਵਾਈ ਦੀ ਮਾਤਰਾ ਦੋ ਦੀ ਬਜਾਏ ਤਿੰਨ ਹਫ਼ਤਿਆਂ ਦੀ ਕਰ ਦਿੱਤੀ ਹੈ ਤਾਂ ਜੋ ਮਰੀਜ਼ਾਂ ਨੂੰ ਬਾਹਰ ਨਿਕਲਣ ਦੀ ਲੋੜ ਨਾ ਰਹੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਸ੍ਰੀਮਤੀ ਰਾਜ ਰਾਣੀ ਨੇ ਦੱਸਿਆ ਕਿ ਕੋਵਿਡ-19 ਪਾਬੰਦੀਆਂ ਦੌਰਾਨ ਅਤੇ 23 ਮਾਰਚ ਤੋਂ ਬਾਅਦ ਨਸ਼ਾ ਛੱਡਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ ਅਤੇ ਓਟ ਸੈਂਟਰਾਂ ’ਚ ਰਜਿਸਟ੍ਰੇਸ਼ਨ ਵਧਣ ਲੱਗੀ ਹੈ।

ਉਨ੍ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਹਾਇਕ ਤੇ ਮੋਬਾਇਲ ਓਟ ਸੈਂਟਰਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹਿਰਾਮ ’ਚ 83 ਨਵੇਂ ਮਰੀਜ਼ ਰਜਿਸਟ੍ਰਡ ਕੀਤੇ ਗਏ ਹਨ ਜਦਕਿ ਪੁਰਾਣੇ 108 ਪੀੜਤ ਦਵਾਈ ਲੈ ਰਹੇ ਹਨ। ਇਸੇ ਤਰ੍ਹਾਂ ਔੜ ’ਚ 74 ਨਵੇਂ ਮਰੀਜ਼ ਰਜਿਸਟ੍ਰਡ ਕੀਤੇ ਗਏ ਹਨ ਜਦਕਿ 309 ਪੁਰਾਣੇ ਰਜਿਸਟ੍ਰਡ ਹਨ। ਇਸੇ ਤਰ੍ਹਾਂ ਸੁੱਜੋਂ ਦੀ ਮੋਬਾਇਲ ਟੀਮ ਕੋਲ 88 ਨਵੇਂ ਕੇਸ ਆਏ ਹਨ ਜਦਕਿ 97 ਪੁਰਾਣੇ ਰਜਿਸਟ੍ਰਡ ਹਨ। ਇਸ ਤੋਂ ਇਲਾਵਾ 9 ਕੇਸ ਉਹ ਮੁੜ ਕੇ ਆਏ ਹਨ ਜੋ ਕਿਸੇ ਨਾ ਕਿਸੇ ਕਾਰਨ ਓਟ ਸੈਂਟਰ ਆਉਣ ਤੋਂ ਹਟ ਗਏ ਸਨ ਅਤੇ ਆਪਣਾ ਇਲਾਜ ਵਿਚਾਲੇ ਹੀ ਛੱਡ ਚੁੱਕੇ ਸਨ। ਉਨ੍ਹਾਂ ਜ਼ਿਲ੍ਹੇ ਦੇ ਹੋਰਨਾਂ ਓਟ ਸੈਂਟਰਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵਾਂਸ਼ਹਿਰ ਦੇ ਓਟ ਸੈਂਟਰ ਤੋਂ 609 ਮਰੀਜ਼, ਸਬ ਡਵੀਜ਼ਨਲ ਹਸਪਤਾਲ ਬਲਾਚੌਰ ਦੇ ਓਟ ਸੈਂਟਰ ਤੋਂ 785 ਮਰੀਜ਼, ਕਮਿਊਨਿਟੀ ਹੈਲਥ ਸੈਂਟਰ ਬੰਗਾ ਦੇ ਓਟ ਸੈਂਟਰ ਤੋਂ 615 ਮਰੀਜ਼, ਕਮਿਊਨਿਟੀ ਹੈਲਥ ਸੈਂਟਰ ਰਾਹੋਂ ਦੇ ਓਟ ਸੈਂਟਰ ਤੋਂ 370 ਮਰੀਜ਼, ਕਮਿਊਨਿਟੀ ਹੈਲਥ ਸੈਂਟਰ ਸੜੋਆ ਦੇ ਓਟ ਸੈਂਟਰ ਤੋਂ 270 ਮਰੀਜ਼, ਕਮਿਊਨਿਟੀ ਹੈਲਥ ਸੈਂਟਰ ਮੁਕੰਦਪੁਰ ਦੇ ਓਟ ਸੈਂਟਰ ਤੋਂ 654 ਮਰੀਜ਼ ਤੇ ਕਮਿਊਨਿਟੀ ਹੈਲਥ ਸੈਂਟਰ ਕਾਠਗੜ੍ਹ ਦੇ ਓਟ ਸੈਂਟਰ ਤੋਂ 182 ਮਰੀਜ਼ ਹੁਣ ਤੱਕ ਰਜਿਸਟ੍ਰਡ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਓਟ ਸੈਂਟਰਾਂ ’ਤੇ ਨਸ਼ਾ ਪੀੜਤਾਂ ਨੂੰ ਨਾਲ ਹੀ ਕੋਵਿਡ-19 ਦੇ ਲੱਛਣਾਂ ਤੋਂ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਤੇਜ਼ ਬੁਖਾਰ, ਸੁੱਕੀ ਖੰਘ ਅਤੇ ਸਾਹ ਲੈਣ ’ਚ ਤਕਲੀਫ਼ ਹੁੰਦੀ ਹੈ ਤਾਂ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਸੰਪਰਕ ਕਰਨ।