ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਨਵਾਂਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਣਾਏ 30 ਬਿਸਤਰਿਆਂ ਦੇ ਇਕਾਂਤਵਾਸ ਕੇਂਦਰ ਚੋਂ 10 ਵਿਅਕਤੀਆਂ/ਬੱਚਿਆਂ ਦੇ ਟੈਸਟ ਨੈਗੇਟਿਵ ਆਉਣ ਬਾਅਦ ਅੱਜ ਇਨ੍ਹਾਂ ਨੂੰ ਸਿਹਤ ਮਹਿਕਮੇ ਦੀ ਐਂਬੂਲੈਂਸ ’ਚ ਇਨ੍ਹਾਂ ਦੇ ਘਰਾਂ ਤੱਕ ਛੱਡ ਦਿੱਤਾ ਗਿਆ ਅਤੇ ਆਪਣੇ ਘਰਾਂ ’ਚ ਹੀ ਇਕਾਂਤਵਾਸ ਪੂਰਾ ਕਰਨ ਦੀ ਹਦਾਇਤ ਕੀਤੀ ਗਈ।
ਇਸ ਮੌਕੇ ਵਿਧਾਇਕ ਅੰਗਦ ਸਿੰਘ ਵੱਲੋਂ ਸਬ ਡਵੀਜ਼ਨ ਪੱਧਰ ’ਤੇ ਨਵਾਂਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਣਾਏ 30 ਬਿਸਤਰਿਆਂ ਦੇ ਇਕਾਂਤਵਾਸ ਕੇਂਦਰ ਦਾ ਦੌਰਾ ਵੀ ਕੀਤਾ ਗਿਆ ਅਤੇ ਉੱਥੇ ਰਹਿ ਰਹੇ ਹਿਮਾਚਲ ਪ੍ਰਦੇਸ਼ ਤੋਂ ਨਵਾਂਸ਼ਹਿਰ ਆਏ ਵਿਅਕਤੀਆਂ ਦਾ ਹਾਲ-ਚਾਲ ਵੀ ਪੁੱਛਿਆ। ਉਨ੍ਹਾਂ ਨੇ ਸਬ ਡਵੀਜ਼ਨਲ ਮੈਜਿਸਟ੍ਰੇਟ ਵੱਲੋਂ ਸਕੂਲ ’ਚ ਇਕਾਂਤਵਾਸ ਲਈ ਕੀਤੇ ਵਧੀਆ ਪ੍ਰਬੰਧਾਂ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ਐਸ ਡੀ ਐਮ ਜਗਦੀਸ਼ ਸਿੰਘ ਜੌਹਲ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਵਿਅਕਤੀਆਂ ਦੇ ਇੱਥੇ ਰਹਿਣ, ਉਨ੍ਹਾਂ ਦੇ ਖਾਣ-ਪੀਣ ਦਾ ਪੁਖਤਾ ਪ੍ਰਬੰਧ ਕੀਤਾ ਹੈ । ਉਨ੍ਹਾਂ ਦੱਸਿਆ ਕਿ ਮੈਡੀਕਲ ਸਟਾਫ਼, ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੇ ਹਰ ਤਰ੍ਹਾਂ ਦੇ ਸੁੱਖ-ਅਰਾਮ ਦਾ ਖਿਆਲ ਰੱਖਿਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਾ ਆਵੇ ।