
ਪਟਿਆਲਾ ( ਅਰਵਿੰਦਰ ਸਿੰਘ ) ਸੰਸਾਰ ਪੱਧਰ ‘ਤੇ ਕੋਰੋਨਾ ਵਾਇਰਸ (ਕੋਵਿਡ-19) ਕਾਰਨ ਆਈ ਬਿਪਤਾ ਦੇ ਸਮੇਂ ਜਿਥੇ ਸਰਕਾਰਾਂ ਵੱਲੋਂ ਆਪਣੇ ਪੱਧਰ ‘ਤੇ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ ਉਥੇ ਹੀ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਵੀ ਲੋੜਵੰਦਾਂ ਦਾ ਸਹਾਰਾ ਬਣਿਆ ਜਾ ਰਿਹਾ ਹੈ। ਹੁਣ ਇਸ ਮਹਾਂਮਾਰੀ ਤੋਂ ਬਚਾਅ ਲਈ ਅਤੇ ਲੋੜਵੰਦਾਂ ਦੀ ਮਦਦ ਲਈ ਛੋਟੇ ਬੱਚੇ ਵੀ ਅੱਗੇ ਆਏ ਹਨ ਜਿਸ ਦੀ ਮਿਸਾਲ ਪਟਿਆਲਾ ਜ਼ਿਲ੍ਹੇ ਦੀ ਸਬ-ਡਵੀਜ਼ਨ ਸਮਾਣਾ ਦੇ ਚਾਰ ਬੱਚਿਆ ਨੇ ਪੇਸ਼ ਕਰਦਿਆ ਆਪਣੀ ਪਿਗੀ ਬੈਂਕ ਦੀ ਬੱਚਤ ਨੂੰ ਮੁੱਖ ਮੰਤਰੀ ਕੋਵਿਡ ਰਾਹਤ ਫ਼ੰਡ ਵਿੱਚ ਦੇ ਦਿੱਤਾ ਹੈ।

ਬੱਚਿਆ ਵੱਲੋਂ ਅੱਜ ਐਸ.ਡੀ.ਐਮ. ਸਮਾਣਾ ਦਫ਼ਤਰ ਵਿਖੇ ਆਪਣੇ ਮਾਤਾ-ਪਿਤਾ ਨਾਲ ਪਹੁੰਚਕੇ ਆਪਣੀ ਪਿਗੀ ਬੈਂਕ ਦੀ ਬੱਚਤ 4410 ਰੁਪਏ ਐਸ.ਡੀ.ਐਮ. ਸਮਾਣਾ ਸ੍ਰੀ ਨਮਨ ਮੜਕਨ ਨੂੰ ਭੇਂਟ ਕੀਤੀ ਗਈ। ਇਸ ਮੌਕੇ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਜੋ ਰਕਮ ਭੇਂਟ ਕੀਤੀ ਜਾ ਰਹੀ ਹੈ ਉਹ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨਾਲ ਲੜਨ ਲਈ ਜੋ ਫ਼ੰਡ ਬਣਾਇਆ ਹੈ ਉਸ ਵਿੱਚ ਦਿੱਤੀ ਜਾ ਰਹੀ ਹੈ ਤਾਂ ਜੋ ਇਸ ਬਿਮਾਰੀ ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਉਹ ਵੀ ਆਪਣਾ ਨਿਮਾਣਾ ਜਿਹਾ ਯੋਗਦਾਨ ਪਾ ਸਕਣ।
ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਸੰਕਟ ਦੀ ਇਸ ਘੜੀ ਵਿੱਚ ਇੰਨੇ ਛੋਟੇ ਬੱਚਿਆ ਵੱਲੋਂ ਆਪਣੀਆਂ ਨਿੱਜੀ ਬੱਚਤਾਂ ਨੂੰ ਦਾਨ ਕਰਕੇ ਕੀਤੀ ਪਹਿਲਕਦਮੀ ਦਾ ਟਵੀਟ ਕਰਕੇ ਧੰਨਵਾਦ ਕਰਦਿਆ ਕਿਹਾ ਕਿ ਉਨਾਂ ਨੂੰ ਪੂਰਾ ਯਕੀਨ ਹੈ ਕਿ ਅਸੀ ਕੋਰੋਨਾ ਵਾਇਰਸ ਖਿਲਾਫ਼ ਵਿੱਢੀ ਜੰਗ ‘ਤੇ ਜ਼ਰੂਰ ਜਿੱਤ ਪ੍ਰਾਪਤ ਕਰਾਂਗੇ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਬੱਚਿਆਂ ਦੇ ਇਸ ਕਦਮ ਦੀ ਸ਼ਲਾਘਾ ਕਰਦਿਆ ਕਿਹਾ ਕਿ ਦੇਸ਼ ਦੇ ਭਵਿੱਖ ਵੱਲੋਂ ਕੀਤਾ ਅਜਿਹਾ ਉਪਰਾਲਾ ਦੇਸ਼ ਦੇ ਚੰਗੇ ਭਵਿੱਖ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਬੱਚਿਆ ਵੱਲੋਂ ਦਿੱਤੀ ਗਈ ਆਪਣੀ ਪਿਗੀ ਬੈਂਕ ਦੀ ਬੱਚਤ ਨੂੰ ਮੁੱਖ ਮੰਤਰੀ ਕੋਵਿਡ ਰਾਹਤ ਫ਼ੰਡ ‘ਚ ਦੇਣਾ ਹੋਰਨਾ ਲਈ ਵੀ ਪ੍ਰੇਰਨਾ ਸਰੋਤ ਦਾ ਕੰਮ ਕਰੇਗਾ। ਉਨ੍ਹਾਂ ਬੱਚਿਆਂ ਵੱਲੋਂ ਇਸ ਸੰਕਟ ਦੀ ਘੜੀ ‘ਚ ਦਿਖਾਈ ਗਈ ਜਾਗਰੂਕਤਾ ‘ਤੇ ਖੁਸ਼ੀ ਜਾਹਰ ਕਰਦਿਆ ਕਿਹਾ ਕਿ ਬੱਚਿਆ ਵੱਲੋਂ ਇਹ ਇਕ ਮਿਸਾਲ ਪੇਸ਼ ਕੀਤੀ ਗਈ ਹੈ ਜੋ ਸਮਾਜ ਲਈ ਚਾਨਣ ਮੁਨਾਰੇ ਦਾ ਕੰਮ ਕਰੇਗੀ।
ਇਸ ਮੌਕੇ ਐਸ.ਡੀ.ਐਮ. ਸਮਾਣਾ ਸ੍ਰੀ ਨਮਨ ਮੜਕਨ ਨੇ ਦੱਸਿਆ ਕਿ ਬੱਚੇ ਮਨਨ ਪ੍ਰਤਾਪ ਸਿੰਗਲਾ ਉਮਰ 11 ਸਾਲ, ਉਦੈ ਪ੍ਰਤਾਪ ਸਿੰਗਲਾ ਉਮਰ 4 ਸਾਲ, ਪ੍ਰਾਂਜਲੀ ਉਮਰ 13 ਸਾਲ ਅਤੇ ਗੁਨੀਨ ਉਮਰ 8 ਸਾਲ ਅਤੇ ਉਨ੍ਹਾਂ ਦੇ ਮਾਤਾ ਪਿਤਾ ਵੱਲੋਂ ਅੱਜ ਐਸ.ਡੀ.ਐਮ. ਸਮਾਣਾ ਦਫ਼ਤਰ ‘ਚ ਆਕੇ ਮੁੱਖ ਮੰਤਰੀ ਕੋਵਿਡ ਰਾਹਤ ਫ਼ੰਡ ਲਈ ਆਪਣੇ ਪਿਗੀ ਬੈਂਕ ਦੀ ਬੱਚਤ 4410 ਰੁਪਏ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬੱਚਿਆ ਵੱਲੋਂ ਉਠਾਇਆ ਇਹ ਕਦਮ ਹੋਰਨਾ ਨੂੰ ਵੀ ਦੇਸ਼ ਸੇਵਾ ਲਈ ਪ੍ਰੇਰਿਤ ਕਰੇਗਾ।