ਸਪੈਨਿਸ਼ ਫ਼ਲੂ,ਸੈਨ ਫਰਾਂਸਿਸਕੋ,ਲਾੱਕ ਡਾਉਨ ਦਾ ਖੁੱਲਣਾ ਤੇ ਮਹਾਂਮਾਰੀ ਦਾ ਕਹਿਰ

ਸਪੈਨਿਸ਼ (H1N1) ਫ਼ਲੂ ਜਿਸਦਾ ਪਹਿਲਾ ਕੇਸ ਅਮਰੀਕਾ ਦੇ ਸੂਬੇ ਕੈਨਸਸ ਤੋਂ ਪਤਾ ਲੱਗਾ ਸੀ ਨੇ ਦੁਨੀਆ ਭਰ ਵਿਚ ਕਹਿਰ ਮਚਾਇਆ ਸੀ । ਇਸ ਮਹਾਂਮਾਰੀ ਦਾ ਜ਼ਿਆਦਾ ਅਸਰ ਅਮਰੀਕਾ, ਯੂਰਪ ਤੇ ਏਸ਼ੀਆ ਦੇ ਕੁੱਝ ਖੇਤਰਾਂ ਵਿਚ ਵੇਖਣ ਨੂੰ ਮਿਲਿਆ ਸੀ । ਸਪੈਨਿਸ਼ ਫ਼ਲੂ ਦਾ ਸਪੇਨ ਨਾਲ ਕੋਈ ਸਬੰਧ ਨਹੀਂ ਸੀ ,ਸਪੇਨ ਨੇ ਤਾਂ ਇਸ ਬਾਰੇ ਲੋਕਾਂ ਨੂੰ ਜਾਗਰੂਕ ਹੀ ਕੀਤਾ ਸੀ । ਅੱਜ ਵਾਂਗ ਇਸ ਬਿਮਾਰੀ ਬਾਰੇ ਖ਼ਬਰਾਂ ਪ੍ਰਕਾਸ਼ਿਤ ਕਰਨ ਤੇ ਪਾਬੰਦੀਆਂ ਸਨ ਤਾਂਕਿ ਵਿਸ਼ਵ ਯੁੱਧ ਵਿਚ ਲੜਨ ਵਾਲੇ ਫੋਜੀਆਂ ਦਾ ਮਨੋਬਲ ਨਾ ਡਿੱਗ ਜਾਵੇ , ਵਿਸ਼ਵ ਯੁੱਧ ਵਿਚ ਲੜਨ ਵਾਲੇ ਵੱਡੀ ਗਿਣਤੀ ਵਿਚ ਫੋਜ਼ੀ ਇਸ ਦੀ ਮਾਰ ਹੇਠ ਆਏ ਸਨ ਖਾਸਕਰ ਅਮਰੀਕੀ ਫੋਜ਼ੀ। ਸਪੇਨ ਨਿਉਟਰਲ ਮੁਲਕ ਸੀ ਇਸਲਈ ਉਸਨੇ ਇਸ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਸੀ । ਸਪੈਨਿਸ਼ ਫ਼ਲੂ ਜੋਂ H1N1 ਵਾਇਰਸ ਦੇ ਚਲਦਿਆਂ 1918 ਚ ਸ਼ੁਰੂ ਹੋਇਆ ਸੀ ਨੇ ਦੁਨੀਆ ਭਰ ਵਿਚ 500 ਮਿਲੀਅਨ ਜਾ ਕਹਿ ਸਕਦੇ ਉਸ ਸਮੇਂ ਦੀ ਇੱਕ ਤਿਹਾਈ ਆਬਾਦੀ ਨੂੰ ਪ੍ਰਭਾਵਿਤ ਕੀਤਾ ਸੀ 50 ਮਿਲੀਅਨ ਜਣੇ ਦੁਨੀਆਂ ਭਰ ਵਿਚ ਤੇ ਅੰਦਾਜ਼ਨ 675000 ਜਣੇ ਕੇਵਲ ਅਮਰੀਕਾ ਵਿਚ ਮਾਰੇ ਗਏ ਸਨ । ਪਹਿਲੇ ਵਿਸ਼ਵ ਯੁੱਧ ਵਿਚ ਅਮਰੀਕਾ ਦੇ ਜ਼ਿਆਦਾਤਰ ਫੋਜ਼ੀ ਸਪੈਨਿਸ਼ ਫ਼ਲੂ ਨਾਲ ਹੀ ਮਾਰੇ ਗਏ ਸਨ। ਇਹ ਫ਼ਲੂ 36 ਮਹੀਨੇ ਤੱਕ ਐਕਟਿਵ ਰਿਹਾ ਸੀ ।ਅੱਜ ਵਾਂਗ ਹੀ ਲੋਕਾਂ ਤੇ ਬੰਦਸ਼ਾਂ ਸਨ ਜਿਸ ਵਿਚ ਮਾਸਕ ਪਾਕੇ ਸਾਂਝੀਆਂ ਜਗ੍ਹਾ ਤੇ ਨਿਕਲਣਾ ਵੀ ਸੀ ।

ਇਸ ਫ਼ਲੂ ਦੇ ਪਹਿਲੇ ਹੱਲੇ ਨਾਲ ਉਨਾਂ ਨੁਕਸਾਨ ਨਹੀਂ ਹੋਇਆ ਸੀ ਜਿੰਨਾ ਕਿ ਦੂਜੇ ਹੱਲੇ ਨਾਲ ਹੋਇਆ ਸੀ। 11 ਨਵੰਬਰ 1918 ਨੂੰ ਪਹਿਲੇ ਵਿਸ਼ਵ ਯੁੱਧ ਵਿਚ ਇੰਗਲੈਂਡ ਤੇ ਸਹਿਯੋਗੀ ਮੁਲਕਾਂ ਦੀ ਜਿੱਤ ਤੋਂ ਬਾਅਦ ਅਮਰੀਕਾ ਵਿਖੇ ਲੋਕਾਂ ਨੇ ਸਰਕਾਰਾਂ ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਬੰਦਸ਼ਾਂ ਨੂੰ ਹਟਾਇਆ ਜਾਵੇ ।ਅੱਜ ਵਾਂਗ ਹੀ ਅਮਰੀਕਾ ਦੇ ਜ਼ਿਆਦਾਤਰ ਸੂਬਿਆਂ ਵਿਚ ਬੰਦਿਸ਼ਾਂ ਨੂੰ ਹਟਾਉਣ ਲਈ ਦਬਾਅ ਪਾਇਆ ਜਾਣ ਲੱਗਾ ਸੀ । ਇਸ ਪੈਦਾ ਹੋਏ ਦਬਾਅ ਦੇ ਕਾਰਨ ਅਮਰੀਕਾ ਦੇ ਸੂਬੇ ਕੈਲੇਫੋਰਨੀਆ ਦੇ ਸ਼ਹਿਰ ਸੈਨ ਫਰਾਂਸਿਸਕੋ ਵਿਚ ਲਾਗੂ ਬੰਦਿਸ਼ਾਂ ਨੂੰ ਹਟਾ ਦਿੱਤਾ ਗਿਆ ਸੀ। ਅੱਜ ਵਾਂਗ ਹੀ ਲੋਕ ਪ੍ਰਦਰਸ਼ਨ ਕਰ ਰਹੇ ਸਨ ਕਿ ਬੰਦਸ਼ਾਂ ਨੂੰ ਹਟਾਇਆ ਜਾਵੇ ,ਉਸ ਸਮੇਂ ਸੈਨ ਫਰਾਂਸਿਸਕੋ ਵਿਚ ਹਾਲਾਤ ਕਾਬੂ ਹੇਠ ਸਨ ਪਰ ਬੰਦਸ਼ਾਂ ਨੂੰ ਹਟਾਉੰਦਿਆ ਹੀ ਲੋਕ ਸੜਕਾਂ ਤੇ ਆਕੇ ਪਹਿਲੇ ਵਿਸ਼ਵ ਯੁੱਧ ਦੀ ਜਿੱਤ ਦੇ ਜਸ਼ਨ ਮਨਾਉਣ ਲੱਗ ਪਏ,ਸਿਨੇਮਾ , ਰੇਸਟੋਰੇੰਟ ,ਕਲੱਬ‌ ਪਾਰਟੀ ਕਲਚਰ ਨੇ ਜੋਰ ਫੜ ਲਿਆ ਸੀ । 1919 ਦੇ ਚੜਦਿਆਂ ਇੱਕਲੇ ਇਸ ਸ਼ਹਿਰ ਵਿਚ ਹੀ 45000 ਕੇਸ ਤੇ 3000 ਮੌਤਾਂ ਹੋ ਚੁੱਕੀਆਂ ਸਨ ।

ਅੱਜ ਇੱਕ ਸਦੀ ਬਾਅਦ ਵੀ ਹਾਲਾਤ ਦੋਬਾਰਾ ਉਹੀ ਬਣ ਰਹੇ ਹਨ ਲੋਕ ਸੜਕਾਂ ਤੇ ਆਕੇ ਪ੍ਰਦਰਸ਼ਨ ਕਰ ਰਹੇ ਹਨ ਜਿਵੇਂ ਅੱਜ ਟਰਾਂਟੋ ਵਿਚ ਹੋਏ ਹਨ ਪਰ ਇਹ ਲੋਕ ਭੁੱਲ ਰਹੇ ਹਨ ਸਪੈਨਿਸ਼ ਫ਼ਲੂ ਨੇ ਵੀ ਵੱਧ ਨੁਕਸਾਨ ਦੂਜੇ ਹੱਲੇ ਵਿਚ ਕੀਤਾ ਸੀ । ਸੈਨ ਫਰਾਂਸਿਸਕੋ ਜਿੱਥੇ ਸਭ ਕੁੱਝ ਕਾਬੂ ਹੇਠ ਸੀ ਸ਼ਹਿਰ ਖੁੱਲਣ ਦੀ ਦੇਰ ਸੀ ਮਹਾਂਮਾਰੀ ਨੇ ਮਾਰੂ ਹੱਲਾ ਬੋਲ ਦਿੱਤਾ ਸੀ । ਅਤੀਤ ਤੋਂ ਸਬਕ ਸਿੱਖਣ ਦੀ ਲੋੜ ਹੈ ਇਸ ਬਿਮਾਰੀ ਦਾ ਹਾਲੇ ਕੋਈ ਇਲਾਜ ਨਹੀਂ ਹੈ ਮੁਕੰਮਲ ਲਾਕ ਡਾਉਨ ਖੋਲਣਾ ਖ਼ਤਰੇ ਤੋਂ ਖਾਲੀ ਨਹੀਂ ਇਸ ਲਈ ਸਰਕਾਰਾਂ ਦਾ ਸਹਿਯੋਗ ਕਰੀਏ ਨਹੀਂ ਤਾਂ ਅਤੀਤ ਦਾ ਸਬਕ ਤਾਂ ਸਾਡੇ ਸਾਹਮਣੇ ਹੈ ਹੀ ।

ਕੁਲਤਰਨ ਸਿੰਘ ਪਧਿਆਣਾ

Share This :

Leave a Reply