ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕਲ੍ਹ ਰਾਤ ਇੱਕ ਵਿਅਕਤੀ ਦੀ ਰਿਪੋਰਟ ਪਾਜ਼ਿਟਿਵ ਆਉਣ ਬਾਅਦ ਜ਼ਿਲ੍ਹੇ ’ਚ ਐਕਟਿਵ ਕੋਵਿਡ -19 ਕੇਸਾਂ ਦੀ ਗਿਣਤੀ 85 ਹੋ ਗਈ ਹੈ ਪਰੰਤੂ ਰਾਹਤ ਵਾਲੀ ਗੱਲ ਇਹ ਹੈ ਕਿ ਬਲਾਚੌਰ ਦੇ ਬੂਥਗੜ੍ਹ ’ਚੋਂ ਕੋਵਿਡ -19 ਪਾਜ਼ਿਟਿਵ ਪਾਏ ਗਏ ਪਹਿਲੇ ਵਿਅਕਤੀ ਦੀ ਆਈਸੋਲੇਸ਼ਨ ਸਮਾਂ ਪੂਰਾ ਕਰਨ ਬਾਅਦ ਕਰਵਾਈ ਗਈ ਪਹਿਲੀ ਰਿਪੋਰਟ ਨੈਗੇਟਿਵ ਆ ਗਈ ਹੈ।
ਉਸ ਦਾ ਦੂਸਰਾ ਸੈਂਪਲ ਅੱਜ ਭੇਜ ਦਿੱਤਾ ਗਿਆ ਹੈ, ਜਿਸ ਦੀ ਕਲ੍ਹ ਰਿਪੋਰਟ ਆਉਣ ਦੀ ਉਮੀਦ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਪਾਜ਼ਿਟਿਵ ਪਾਇਆ ਗਿਆ ਵਿਅਕਤੀ ਨੰਦੇੜ ਤੋਂ ਪਰਤਿਆ ਸੀ ਅਤੇ ਉਸ ਸਮੇਂ ਤੋਂ ਹੀ ਰਿਆਤ ਕੈਂਪਸ ਰੈਲ ਮਾਜਰਾ ਵਿਖੇ ਬਣਾਏ ਗਏ ਕੁਆਰਨਟਾਈਨ ਸੈਂਟਰ ’ਚ ਰੱਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਰਿਪੋਰਟ ਪਾਜ਼ਿਟਿਵ ਆਉਣ ਬਾਅਦ ਉਸ ਨੂੰ ਆਈਸੋਲੇਸ਼ਨ ਵਾਰਡ ’ਚ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ’ਚੋਂ 57 ਸੈਂਪਲ ਲਏ ਗਏ ਹਨ। ਹੁਣ ਤੱਕ ਜ਼ਿਲ੍ਹੇ ’ਚੋਂ ਲਏ ਗਏ 1520 ਸੈਂਪਲਾਂ ’ਚੋਂ 1357 ਦੇ ਨੈਗਿਟਿਵ ਆਉਣ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ’ਚੋਂ 57 ਦੀ ਰਿਪੋਰਟ ਪੈਂਡਿੰਗ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ 105 ਵਿਅਕਤੀਆਂ ਦੀ ਰਿਪੋਰਟ ਪਾਜ਼ਿਟਿਵ ਆ ਚੁੱਕੀ ਹੈ, ਜਿਨ੍ਹਾਂ ’ਚੋਂ ਇੱਕ ਵਿਅਕਤੀ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹੋਣ ਕਾਰਨ ਉਸੇ ਜ਼ਿਲ੍ਹੇ ’ਚ ਇਲਾਜ ਅਧੀਨ ਹੈ। ਇਸ ਤੋਂ ਇਲਾਵਾ 18 ਵਿਅਕਤੀ ਠੀਕ ਹੋ ਘਰ ਜਾ ਚੁੱਕੇ ਹਨ ਜਦਕਿ ਇੱਕ ਵਿਅਕਤੀ ਦਾ ਟੈਸਟ ਉਸ ਦੇ ਦੇਹਾਂਤ ਬਾਅਦ ਕੋਵਿਡ -19 ਪਾਜ਼ਿਟਿਵ ਆਇਆ ਸੀ।