ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਦੇਰ ਰਾਤ ਆਏ ਕੋਵਿਡ-19 ਦੇ ਸੈਂਪਲਾਂ ਦੇ ਨਤੀਜਿਆਂ ’ਚੋਂ 18 ਹੋਰ ਕੇਸ ਪਾਜ਼ਿਟਿਵ ਆਏ ਹਨ, ਜਿਨ੍ਹਾਂ ’ਚੋਂ ਇੱਕ ਕੇਸ ਦਾ ਸਬੰਧ ਲੁਧਿਆਣਾ ਜ਼ਿਲ੍ਹੇ ਦੇ ਵਿਅਕਤੀ ਨਾਲ ਹੈ। ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਅਨੁਸਾਰ ਇਨ੍ਹਾਂ 18 ’ਚੋਂ 10 ਕੇਸ ਜ਼ਿਲ੍ਹੇ ’ਚ ਸਥਾਪਿਤ ਦੋ ਇਕਾਂਤਵਾਸ ਕੇਂਦਰਾਂ ਨਾਲ ਸਬੰਧਤ ਹਨ ਜਦਕਿ ਬਾਕੀ ਦੇ 8 ’ਚੋਂ ਇੱਕ-ਇੱਕ ਗਰਚਾ, ਭੌਰਾ, ਕਮਾਮ, ਗੁਣਾਚੌਰ, ਸ਼ਕਤੀ ਨਗਰ ਬੰਗਾ, ਮਾਹੀਪੁਰ, ਮੰਗੂਪੁਰ ਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਛੀਵਾੜਾ ਖ਼ਾਮ ਨਾਲ ਸਬੰਧਤ ਹਨ।
ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਕੇਸ ਲੁਧਿਆਣਾ ਜ਼ਿਲ੍ਹੇ ’ਚ ਹੀ ਹੋਣ ਕਾਰਨ ਸਿਵਲ ਹਸਪਤਾਲ ਲੁਧਿਆਣਾ ਵੱਲੋਂ ਸੰਭਾਲਿਆ ਗਿਆ ਹੈ। ਇਹ ਕੇਸ ਨਵਾਸ਼ਹਿਰ ’ਚ ਇੱਕ ਡਾਕਟਰ ਕੋਲ ਨੱਕ ਦੀ ਸਰਜਰੀ ਲਈ ਆਇਆ ਸੀ ਪਰੰਤੀ ਡਾਕਟਰ ਵੱਲੋਂ ਇਹਤਿਆਤ ਦੇ ਤੌਰ ’ਤੇ ਉਸ ਨੂੰ ਸਿਵਲ ਹਸਪਤਾਲ ਨਵਾਸ਼ਹਿਰ ’ਚੋਂ ਆਪਣਾ ਟੈਸਟ ਕਰਵਾਉਣ ਲਈ ਰੈਫ਼ਰ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਨਾਂਦੇੜ ਤੋਂ ਆਏ ਵਿਅਕਤੀਆਂ ’ਚੋਂ 8 ਇਕਾਂਤਵਾਸ ਕੇਂਦਰ ਰੈਲ ਮਾਜਰਾ ਅਤੇ 2 ਇਕਾਂਤਵਾਸ ਕੇਂਦਰ ਬਹਿਰਾਮ ਨਾਲ ਸਬੰਧਤ ਹਨ। ਡਾ. ਭਾਟੀਆ ਅਨੁਸਾਰ ਇਨ੍ਹਾਂ ਨਵੇਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ’ਚ ਇਲਾਜ ਅਧੀਨ ਕੇਸਾਂ ਦੀ ਗਿਣਤੀ 84 ਹੋ ਗਈ ਹੈ।