ਪਟਿਆਲਾ (ਅਰਵਿੰਦਰ ਜੋਸ਼ਨ) ਪੰਜਾਬ ਸਰਕਾਰ ਪਿਛਲੇ ਕੁਛ ਸਮੇਂ ਤੋਂ ਹੋਣ ਵਾਲੇ ਮਾਲੀਏ ਨੂੰ ਲੈ ਕੇ ਕਾਫੀ ਚਿੰਤਤ ਸੀ ਜਿਸਦਾ ਹੱਲ ਕਰਦਿਆਂ ਸਰਕਾਰ ਦੇ ਆਦੇਸ਼ ਨਾਲ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਆਬਕਾਰੀ ਤੇ ਕਰ ਵਿਭਾਗ ਪੰਜਾਬ ਵੱਲੋਂ ਪੰਜਾਬ ਅੰਦਰ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਲਏ ਗਏ ਫੈਸਲੇ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਅੰਦਰ ਵੀ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਆਗਿਆ ਦਿੱਤੀ ਹੈ। ਪਰੰਤੂ ਇਸ ਦੌਰਾਨ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਣ ਲਈ ਸਮਾਜਿਕ ਦੂਰੀ ਕਾਇਮ ਰੱਖਣ ਲਈ ਲਾਕਡਾਊਨ ਦੇ ਸਮੇਂ ਦੌਰਾਨ ਲਾਇਸੈਂਸੀਆਂ ਨੂੰ ਸ਼ਰਾਬ ਦੀ ਹੋਮ ਡਿਲਿਵਰੀ ਕਰਨ ਦੀ ਵੀ ਆਗਿਆ ਦਿੱਤੀ ਹੈ।
ਜ਼ਿਲ੍ਹਾਂ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਸ਼ਰਾਬ ਦੇ ਠੇਕਿਆਂ ‘ਤੇ ਕਾਊਂਟਰ ਸੇਲ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਅਤੇ ਹੋਮ ਡਿਲਿਵਰੀ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕੀਤੀ ਜਾ ਸਕੇਗੀ। ਪਰੰਤੂ ਸ਼ਰਾਬ ਦੇ ਅਹਾਤੇ ਨਹੀਂ ਖੋਲ੍ਹੇ ਜਾਣਗੇ।
ਸ਼ਰਾਬ ਦੀ ਹੋਮ ਡਿਲਿਵਰੀ ਲਈ ਕਰਫਿਊ ਪਾਸ ਜਾਰੀ ਕਰਨ ਦਾ ਅਧਿਕਾਰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਪਟਿਆਲਾ ਨੂੰ ਦਿੱਤਾ ਗਿਆ ਹੈ। ਪਰੰਤੂ ਕੋਈ ਵੀ ਸ਼ਰਾਬ ਦਾ ਠੇਕਾ, ਕੰਟੇਨਮੈਂਟ ਜ਼ੋਨ ਜਾਂ ਹਾਟ-ਸਪਾਟ ਇਲਾਕੇ ਵਿੱਚ ਨਹੀਂ ਖੁੱਲ੍ਹੇਗਾ। ਇਸ ਦੌਰਾਨ ਸਮਾਜਿਕ ਦੂਰੀ ਅਤੇ ਕੋਵਿਡ-19 ਨੂੰ ਫੈਲਣ ਤੋਂ ਬਚਾਅ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣੀ ਯਕੀਨੀ ਬਣਾਂਈ ਜਾਵੇਗੀ।