ਫ਼ਤਹਿਗੜ੍ਹ ਸਾਹਿਬ (ਸੂਦ)- ਸੜਕ ਦੇ ਨਵਨਿਰਮਾਣ ਕਾਰਜਾਂ ਦੌਰਾਨ ਵਰਤੀਆਂ ਜਾ ਰਹੀਆਂ ਨੇ ਕੋਰੋਨਾ ਤੋਂ ਬਚਾਅ ਸਬੰਧੀ ਸਾਵਧਾਨੀਆਂ ਭੈਰੋਂਪੁਰ ਬਾਈਪਾਸ ਤੋਂ ਲੈਕੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੋਂ ਜੋਤੀ ਸਰੂਪ ਮੋੜ ਤੋਂ ਚਾਰ ਨੰਬਰ ਚੁੰਗੀ ਹੁੰਦੀ ਹੋਈ ਚਾਵਲਾ ਚੌਕ ਜੀ.ਟੀ. ਰੋਡ ਤੱਕ ਦੀ ਸੜਕ ਨੂੰ 14 ਕਰੋੜ ਰੁਪਏ ਦੀ ਲਾਗਤ ਨਾਲ ਚਹੁੰ ਮਾਰਗੀ ਕੀਤਾ ਜਾ ਰਿਹਾ ਹੈ, ਜਿਸ ਤਹਿਤ ਕੁਝ ਹਿੱਸੇ ਨੂੰ ਪਹਿਲਾਂ ਹੀ ਚਹੁੰ ਮਾਰਗੀ ਕੀਤਾ ਜਾ ਚੁੱਕਿਆ ਹੈ ਤੇ ਹੁਣ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੋਂ ਲੈ ਕੇ ਭੈਰੋਂਪੁਰ ਬਾਈਪਾਸ ਤੱਕ ਸੜਕ ਨੂੰ ਚਹੁੰ ਮਾਰਗੀ (50 ਫੁੱਟ ਹੋਰ ਚੌੜਾ) ਕਰਨ ਦਾ ਕੰਮ ਚੱਲ ਰਿਹਾ ਹੈ।
ਇਹ ਜਾਣਕਾਰੀ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਸੜਕ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਕਾਰਜ ਦੌਰਾਨ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਸਾਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਸ. ਨਾਗਰਾ ਨੇ ਦੱਸਿਆ ਕਿ ਚੰਡੀਗੜ੍ਹ-ਐਸ.ਏ.ਐਸ.ਨਗਰ ਵੱਲੋਂ ਸ਼ਹਿਰ ਵਿੱਚ ਆਉਣ ਲਈ ਇਹ ਮੁੱਖ ਸੜਕ ਹੈ ਤੇ ਸ਼ਹੀਦੀ ਸਭਾ ਦੌਰਾਨ ਇਸ ਸੜਕ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਸੜਕ ਦੇ ਚੌੜਾ ਹੋਣ ਨਾਲ ਲੋਕਾਂ ਨੂੰ ਵੱਡੇ ਪੱਧਰ ਉਤੇ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਸੜਕ ਦਾ ਨਿਰਮਾਣ ਮਿਆਰੀ ਹੋਣਾ ਯਕੀਨੀ ਬਣਾਇਆ ਜਾ ਰਿਹਾ ਹੈ।