ਲੋੜਵੰਦਾਂ ਦੀ ਮਦਦ ਲਈ ਅੱਗੇ ਆਇਆ ਡੇਰਾ ਬਿਆਸ

ਪਟਿਆਲਾ ( ਅਰਵਿੰਦਰ ਸਿੰਘ ) ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਏ ਕਰਫ਼ਿਊ ‘ਚ ਆਮ ਲੋਕਾਂ ਤੇ ਲੋੜਵੰਦਾਂ ਦੀ ਮਦਦ ਲਈ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ ਉਥੇ ਹੀ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਵੀ ਇਸ ਸੰਕਟ ਦੀ ਘੜੀ ਵਿੱਚ ਮਦਦ ਲਈ ਹੱਥ ਅੱਗੇ ਵਧਾਇਆ ਜਾ ਰਿਹਾ ਹੈ ਜਿਸ ਤਹਿਤ ਬਿਆਸ ਡੇਰੇ ਵੱਲੋਂ ਪਟਿਆਲਾ ਵਿਖੇ ਰੋਜ਼ਾਨਾ 5 ਹਜ਼ਾਰ ਖਾਣੇ ਦੇ ਪੈਕਟ ਲੋੜਵੰਦਾਂ ਨੂੰ ਦਿੱਤੇ ਜਾ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆ ਐਫ.ਐਸ.ਓ. ਸ. ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਬਿਆਸ ਡੇਰੇ ਵੱਲੋਂ ਲੋੜਵੰਦਾਂ ਦੀ ਮਦਦ ਲਈ ਰੋਜ਼ਾਨਾ 5 ਹਜ਼ਾਰ ਖਾਣੇ ਦੇ ਪੈਕਟ ਬਣਾਏ ਜਾਂਦੇ ਹਨ ਜਿਸ ਵਿੱਚੋਂ 4 ਹਜ਼ਾਰ ਪੈਕਟ ਰੈਡ ਕਰਾਸ ਵੱਲੋਂ ਲੋੜਵੰਦਾਂ ਨੂੰ ਵੰਡੇ ਜਾਂਦੇ ਹਨ ਅਤੇ 1 ਹਜ਼ਾਰ ਖਾਣੇ ਦੇ ਪੈਕਟ ਡੇਰੇ ਵੱਲੋਂ ਸਿੱਧੇ ਤੌਰ ‘ਤੇ ਲੋੜਵੰਦਾਂ ਤੇ ਝੁੱਗੀਆਂ/ਝੋਂਪੜੀਆਂ ਵਿੱਚ ਰਹਿਣ ਵਾਲੇ ਦਿਹਾੜੀਦਾਰਾਂ ਨੂੰ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਵੇਰੇ ਅਤੇ ਸ਼ਾਮ ਸਮੇਂ ਵੰਡੇ ਜਾਣ ਵਾਲੇ ਇੰਨਾ ਪੈਕਟਾਂ ਵਿੱਚ 3 ਰੋਟੀ, ਸਬਜ਼ੀ ਅਤੇ ਆਚਾਰ ਦਿੱਤਾ ਜਾਂਦਾ ਹੈ ਤਾਂ ਜੋ ਇਕ ਵਿਅਕਤੀ ਪੂਰੀ ਤਰ੍ਹਾਂ ਰੱਜ ਸਕੇ।
ਇਸ ਮੌਕੇ ਡੇਰੇ ਦੇ ਪਟਿਆਲਾ ਜ਼ਿਲ੍ਹੇ ਦੇ ਏਰੀਆਂ ਸੈਕਟਰੀ ਡਾ. ਕੇ.ਡੀ. ਸਿੰਘ ਨੇ ਦੱਸਿਆ ਕਿ ਖਾਣਾ ਬਣਾਉਣ ਸਮੇਂ ਸਰਕਾਰ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਦਾ ਪੂਰਾ ਖ਼ਿਆਲ ਰੱਖਿਆ ਜਾਂਦਾ ਹੈ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਖਾਣਾ ਬਣਾਇਆ ਜਾਂਦਾ ਹੈ ਅਤੇ ਸਮੇਂ-ਸਮੇਂ ‘ਤੇ ਖਾਣਾ ਬਣਾਉਣ ਵਾਲੇ ਸਥਾਨ ਅਤੇ ਲਿਜਾਉਣ ਵਾਲੇ ਵਾਹਨਾਂ ਨੂੰ ਸੈਨੇਟਾਈਜ਼ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਖਾਣਾ ਅਰਬਨ ਅਸਟੇਟ ਵਿੱਚ ਬਣੇ ਡੇਰੇ ਵਿੱਚ ਤਿਆਰ ਕਰਕੇ ਰੈਡ ਕਰਾਸ ਅਤੇ ਲੋੜਵੰਦਾਂ ਤੱਕ ਪਹੁੰਚਦਾ ਕਰਨ ਲਈ ਵਲੰਟੀਅਰਜ਼ ਵੱਲੋਂ ਵੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।

ਡਾ. ਕੇ.ਡੀ. ਸਿੰਘ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਤੋਂ ਇਲਾਵਾ ਰਾਜਪੁਰਾ, ਸਮਾਣਾ ਅਤੇ ਪਾਤੜ੍ਹਾ ਵਿੱਚ ਵੀ ਖਾਣੇ ਦੇ ਪੈਕਟ ਵੰਡਣ ਸਬੰਧੀ ਪ੍ਰਵਾਨਗੀ ਮੰਗ ਗਈ ਹੈ ਅਤੇ ਪ੍ਰਵਾਨਗੀ ਮਿਲਣ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਨ੍ਹਾਂ ਸਥਾਨਾਂ ‘ਤੇ ਵੀ ਡੇਰੇ ਵੱਲੋਂ ਲੋੜਵੰਦਾਂ ਨੂੰ ਖਾਣੇ ਦੇ ਪੈਕਟ ਪੁੱਜਦੇ ਕੀਤੇ ਜਾਣਗੇ।

Share This :

Leave a Reply