
ਐਸ ਏ ਐਸ ਨਗਰ (ਮੀਡੀਆ ਬਿਊਰੋ) ਅੱਜ ਸਵੇਰੇ ਸਥਾਨਕ ਸੈਕਟਰ 90 ( ਜੇ ਐਲ ਪੀ ਐਲ ਕਾਲੋਨੀ) ਵਿੱਚ ਕੁੱਝ ਵਸਨੀਕਾਂ ਵਲੋਂ ਇੱਥੇ ਇੱਕ ਖਾਲੀ ਪਏ ਪਲਾਟ ਵਿੱਚ ਕਿਸੇ ਜਾਨਵਰ ਦੇ ਪੈਰ ਦੇ ਨਿਸ਼ਾਨ ਵੇਖੇ ਜਾਣ ਤੇ ਕਾਲੋਨੀ ਦੇ ਵਸਨੀਕ ਦਹਿਸ਼ਤ ਵਿੱਚ ਆ ਗਏ ਹਨ। ਚੱਪੜਚਿੜੀ ਦੇ ਸਾਬਕਾ ਸਰੰਪਚ ਸ੍ਰ. ਜੋਰਾ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੈਰੀਟੇਜ ਵਾਲੇ ਪਾਸੇ ਇੱਕ ਕਿਸਾਨ ਨੇ ਖੇਤਾਂ ਵਿੱਚ ਨਦੀ ਵਾਲੇ ਪਾਸੇ ਇੱਕ ਚੀਤੇ ਵਰਗਾ ਜਾਨਵਰ ਵੇਖਿਆ ਸੀ ਜਿਸਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਮੁਨਿਆਦੀ ਵੀ ਕਰਵਾਈ ਗਈ ਹੈ। ਉਹਨਾਂ ਦੱਸਿਆ ਕਿ ਇਸ ਦੌਰਾਨ ਸੈਕਟਰ 91 ਦੇ ਪਿਛਲੇ ਪਾਸੇ ਬਣੀ ਪਾਸ਼ ਕਾਲੋਨੀ ਦੇ ਸਕਿਊਰਟੀ ਗਾਰਡ ਨੇ ਵੀ ਤੇਂਦੂਆ ਵੇਖੇ ਜਾਣ ਦੀ ਪੁਸ਼ਟੀ ਕੀਤੀ ਹੈ|

ਇੱਥੋਂ ਦੇ ਵਸਨੀਕਾਂ ਸ੍ਰ. ਅਮਰੀਕ ਸਿੰਘ ਸਾਜਨ, ਠੇਕੇਦਾਰ ਮਨਜੀਤ ਸਿੰਘ ਮਾਨ, ਬਹਾਦਰ ਸਿੰਘ, ਪ੍ਰਭਜੋਤ ਸਿੰਘ, ਅਨੁਰਾਗ ਅਤੇ ਹੋਰਨਾਂ ਨੇ ਦੱਸਿਆ ਕਿ ਬੀਤੀ ਰਾਤ 12 ਤੋਂ ਇੱਕ ਵਜੇ ਦੇ ਵਿਚਕਾਰ ਇੱਥੇ ਅਚਾਨਕ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆਉਣ ਲੱਗ ਗਈ ਅਤੇ ਸਾਰੇ ਕੁੱਤੇ ਇਕੰਠੇ ਭੌਂਕਣ ਲੱਗ ਗਏ| ਇਸ ਦੌਰਾਨ ਮੁੱਹਲੇ ਦੀ ਵਸਨੀਕ ਇੱਕ ਮਹਿਲਾ ਨੇ ਜਾਨਵਰ ਦੇ ਦਹਾੜਣ ਦੀ ਆਵਾਜ਼ ਵੀ ਸੁਣੀ| ਉਹਨਾਂ ਦੱਸਿਆ ਕਿ ਸਵੇਰ ਵੇਲੇ ਮੁਹੱਲੇ ਦੇ ਵਸਨੀਕਾਂ ਨੇ ਇਸ ਬਾਰੇ ਗੱਲ ਕੀਤੀ ਅਤੇ ਇੱਥੇ ਖਾਲੀ ਪਏ ਇੱਕ ਮਕਾਨ (ਜਿਸਦਾ ਸਿਰਫ 25 ਫੀਸਦੀ ਹਿੱਸਾ ਹੀ ਬਣਿਆ ਹੈ) ਵਿੱਚ ਵੇਖਿਆ ਤਾਂ ਉੱਥੇ ਕਿਸੇ ਜਾਨਵਰ ਦੇ ਪੈਰਾਂ ਦੇ ਨਿਸ਼ਾਨ ਸਪਸ਼ਟ ਨਜਰ ਆ ਰਹੇ ਸਨ| ਇਸ ਮਕਾਨ ਦੇ ਖਾਲੀ ਪਏ ਹਿੱਸੇ ਵਿੱਚ ਇੱਕ ਥਾਂ ਤੇ ਜਮੀਨ ਵੀ ਪੱਟੀ ਹੋਈ ਸੀ ਜਿਵੇਂ ਕਿਸੇ ਜਾਨਵਰ ਨੇ ਆਪਣੇ ਪੰਜਿਆ ਨਾਲ ਜਮੀਨ ਪੱਟੀ ਹੁੰਦੀ ਹੈ|
ਉਹਨਾਂ ਦੱਸਿਆ ਕਿ ਇਸਤੋਂ ਪਹਿਲਾਂ ਸੈਕਟਰ 90 ਦੇ ਪਿਛਲੇ ਪਾਸੇ ਸਥਿਤ ਚੱਪੜਚਿੜੀ ਦੇ ਗੁਰਦੁਆਰਾ ਸਾਹਿਬ ਤੋਂ ਇਸ ਸੰਬੰਧੀ ਮੁਨਿਆਦੀ ਵੀ ਕੀਤੀ ਗਈ ਹੈ ਕਿ ਇਸ ਇਲਾਕੇ ਵਿੱਚ ਚੀਤੇ ਵਰਗਾ ਜਾਨਵਰ ਦੇਖਿਆ ਗਿਆ ਹੈ ਲੋਕ ਸਾਵਧਾਨ ਰਹਿਣ| ਉਹਨਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਜਾਨਵਰ ਨੂੰ ਤੁਰੰਤ ਕਾਬੂ ਕੀਤਾ ਜਾਵੇ ਤਾਂ ਜੋ ਵਸਨੀਕਾਂ ਦਾ ਕੋਈ ਨੁਕਸਾਨ ਨਾ ਹੋਵੇ|
ਸੰਪਰਕ ਕਰਨ ਦੇ ਮੁਹਾਲੀ ਦੇ ਐਸ ਡੀ ਐਮ ਸ੍ਰੀ ਜਗਦੀਪ ਸਹਿਗਲ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਅਜਿਹਾ ਇੱਕ ਜਾਨਵਰ ਫੇਜ਼ 8 ਦੀ ਲਈਅਰ ਵੈਲੀ ਦੀ ਨਦੀ ਵਿੱਚ ਵੇਖਿਆ ਗਿਆ ਸੀ ਜਿਸਤੋਂ ਬਾਅਦ ਜੰਗਲਾਤ ਵਿਭਾਗ ਵਲੋਂ ਉੱਥੇ ਟਰੈਪ ਲਗਾਇਆ ਗਿਆ ਹੈ।




















