ਲਾਸ ਏਂਜਲਸ ਵਿਚ ਯੁਨਾਈਟਿਡ ਏਅਰਲਾਈਨਜ਼ ਸ਼ਟਲ ਬੱਸ ਵਿਚ ਇਕ ਔਰਤ ਵੱਲੋਂ ਭਾਰਤੀ-ਅਮਰੀਕੀ ਪਰਿਵਾਰ ਨਾਲ ਨਸਲੀ ਦੁਰਵਿਵਹਾਰ

ਤਾਫੀਕ ਜਿਸ ਦੇ ਪਰਿਵਾਰ ਨਾਲ ਘਟਨਾ ਵਾਪਰੀ ਤੇ ਸੱਜੇ ਆਪੇ ਤੋਂ ਬਾਹਰ ਹੋਈ ਔਰਤ ਬੁਰਾ ਭਲਾ ਬੋਲਦੀ ਹੋਈ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਲਾਸ ਏਂਜਲਸ ਇੰਟਰਨੈਸ਼ਨਲ ਏਅਰਪੋਰਟ ‘ਤੇ ਯੁਨਾਈਟਿਡ ਏਅਰਲਾਈਨਜ਼ ਸ਼ਟਲ ਬੱਸ ਵਿਚ ਵਾਪਰੀ ਇਕ ਹੈਰਾਨੀਜਨਕ ਘਟਨਾ ਵਿੱਚ ਇਕ ਔਰਤ ਵੱਲੋਂ ਇਕ ਭਾਰਤੀ-ਅਮਰੀਕੀ ਪਰਿਵਾਰ ਉਪਰ ਨਸਲੀ ਟਿੱਪਣੀਆਂ ਕਰਨ ਦੀ ਖਬਰ ਹੈ। ਫੋਟੋਗ੍ਰਾਫਰ ਪਰਵੇਜ਼ ਤਾਫੀਕ ਜਿਸ ਦੇ ਪਰਿਵਾਰ ਨਾਲ ਔਰਤ ਨੇ ਨਸਲੀ ਦੁਰਵਿਵਹਾਰ ਕੀਤਾ, ਨੇ ਸਾਰੀ ਘਟਨਾ ਦੀ ਵੀਡੀਓ ਬਣਾਈ ਹੈ। ਔਰਤ ਨੇ ਤਾਫੀਕ ਦੇ 11 ਸਾਲਾ ਲੜਕੇ ਦੇ ਭਾਰਤੀ ਪਿਛੋਕੜ ਨੂੰ ਲੈ ਕੇ ਬੁਰਾ ਭਲਾ ਕਿਹਾ ਜਿਸ ਦਾ ਤਾਫੀਕ ਨੇ ਵਿਰੋਧ ਕੀਤਾ। ਔਰਤ ਨੇ ਆਪਣੇ ਹੱਥਾਂ ਦੀਆਂ ਦੋਨੋਂ ਵਿਚਕਾਰਲੀਆਂ ਉਂਗਲੀਆਂ ਖੜੀਆਂ ਕਰਕੇ ਕਿਹਾ ਤੁਹਾਡਾ ਪਰਿਵਾਰ ਭਾਰਤੀ ਹੈ,ਤੁਹਾਡੀ ਕੋਈ ਇਜ਼ਤ ਨਹੀਂ ਹੈ। ਤਾਫੀਕ ਨੇ ਕਿਹਾ ਕਿ ਉਹ ਅਮਰੀਕਾ ਵਿਚ ਪੈਦਾ ਹੋਇਆ ਹੈ ਤਾਂ ਔਰਤ ਨੇ ਇਸ ਤੋਂ ਇਨਕਾਰ ਕਰਦਿਆਂ ਆਪਣਾ ਦੁਰਵਿਵਹਾਰ ਜਾਰੀ ਰਖਿਆ। ਸਥਿੱਤੀ ਉਸ ਸਮੇ ਹੋਰ ਖਰਾਬ ਹੋ ਗਈ ਜਦੋਂ ਔਰਤ ਨੇ ਤਾਫੀਕ ਨੂੰ ਮੂੰਹ ਬੰਦ ਰਖਣ ਲਈ ਕਿਹਾ। ਇਸ ‘ਤੇ ਕੁਝ ਹੋਰ ਯਾਤਰੀਆਂ ਨੇ ਔਰਤ ਨੂੰ ਬੱਸ ਵਿਚੋਂ ਉਤਾਰ ਦੇਣ ਲਈ ਕਿਹਾ। ਯਾਤਰੀਆਂ ਦਾ ਕਹਿਣਾ ਸੀ ਕਿ ਉਸ ਨੇ ਸ਼ਰਾਬ ਪੀਤੀ ਹੋਈ ਹੈ ਤੇ ਉਹ ਆਪੇ ਤੋਂ ਬਾਹਰ ਹੋ ਚੁੱਕੀ ਹੈ। ਇਸ ‘ਤੇ ਸਟਾਫ ਨੇ ਔਰਤ ਨੂੰ
ਬੱਸ ਵਿਚੋਂ ਲਾਹ ਦਿੱਤਾ। ਇਸ ਘਟਨਾ ਦੀ ਆਨ ਲਾਈਨ ਵਿਆਪਕ ਨਿੰਦਾ ਹੋ ਰਹੀ ਹੈ। ਤਾਫੀਕ ਨੇ ਘਟਨਾ ਦੌਰਾਨ ਉਸ ਦੇ ਪਰਿਵਾਰ
ਦਾ ਸਾਥ ਦੇਣ ਵਾਲੇ ਯਾਤਰੀਆਂ ਦਾ ਧੰਨਵਾਦ ਕੀਤਾ ਹੈ। ਕੈਪਸ਼ਨ ਤਾਫੀਕ ਜਿਸ ਦੇ ਪਰਿਵਾਰ ਨਾਲ ਘਟਨਾ ਵਾਪਰੀ ਤੇ ਸੱਜੇ ਆਪੇ ਤੋਂ ਬਾਹਰ ਹੋਈ ਔਰਤ ਬੁਰਾ ਭਲਾ ਬੋਲਦੀ ਹੋਈ

Share This :

Leave a Reply