ਫਤਿਹਗੜ੍ਹ ਸਾਹਿਬ (ਮੀਡੀਆ ਬਿਊਰੋ ) ਜਦੋਂ ਸਿਹਤ ਵਿਭਾਗ ਅਤੇ ਨਿਰਪੱਖਤਾ ਨਾਲ ਜਾਂਚ ਘੋਖ ਕਰ ਰਹੀਆਂ ਏਜੰਸੀਆਂ ਦੀ ਰਿਪੋਰਟ ਕਰੋਨਾ ਮਹਾਂਮਾਰੀ ਦਾ ਤੇਜੀ ਨਾਲ ਵਧਣ ਅਤੇ ਖਤਰਨਾਕ ਨਤੀਜਿਆਂ ਤੋਂ ਸੁਚੇਤ ਕਰਦੀ ਹੈ, ਤਾਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਲਾਕਡਾਊਨ ਵਿਚ 4 ਘੰਟੇ ਦੀ ਢਿੱਲ ਦੇਣ ਦੇ ਕੀਤੇ ਗਏ ਐਲਾਨ ਪੰਜਾਬ ਨਿਵਾਸੀਆਂ ਲਈ ਵੱਡੇ ਖਤਰੇ ਦੀ ਘੰਟੀ ਨੂੰ ਜਾਹਰ ਕਰ ਰਿਹਾ ਹੈ। ਇਸ ਲਈ ਇੱਥੋਂ ਦੇ ਨਿਵਾਸੀਆਂ ਵਿਸ਼ੇਸ਼ ਤੋਰ ਤੇ ਮਜਦੂਰ, ਗਰੀਬ, ਮੱਧਵਰਗੀ ਪ੍ਰੀਵਾਰਾਂ ਵਲੋਂ ਆਪਣੀ ਰੋਜਾਨਾ ਦੀ ਜਿੰਦਗੀ ਬਸਰ ਕਰਨ ਅਤੇ ਦੋ ਸਮੇਂ ਦੀ ਰੋਟੀ ਦਾ ਵੀ ਸਹੀ ਢੰਗ ਨਾਲ ਪ੍ਰਬੰਧ ਹੋਣ ਦੀ ਵੱਡੀ ਮੁਸ਼ਕਿਲ ਵੀ ਬੇਸ਼ੱਕ ਮੂੰਹ ਅੱਡੀ ਖੜੀ ਹੈ, ਪਰ ਇਸਦੇ ਬਾਵਜੂਦ ਵੀ ਕਰਫਿਊ ਲਾਕਡਾਊਨ ਨੂੰ ਢਿੱਲ ਦੇਣ ਦੀ ਕਾਰਵਾਈ ਵੱਡੇ ਖਤਰੇ ਨੂੰ ਸੱਦਾ ਦੇਣ ਵਾਲੀ ਸਾਬਤ ਹੋਵੇਗੀ। ਇਸ ਲਈ ਲਾਕਡਾਊਨ ਵਿਚ ਕਿਸੇ ਤਰ੍ਹਾਂ ਦੀ ਢਿੱਲ ਨਾ ਦੇ ਕੇ ਸਰਕਾਰ ਇੱਥੋਂ ਦੇ ਨਿਵਾਸੀਆਂ ਦੇ ਘਰਾਂ ਤੱਕ ਖਾਣਪੀਣ ਦੀ ਵਸਤਾਂ, ਸਬਜੀਆਂ, ਦੁੱਧ ਅਤੇ ਰਸੋਈ ਗੈਸ ਵਗੈਰਾ ਪੰਹੁਚਾਉਣ ਦਾ ਉਚੇਚਾ ਪ੍ਰਬੰਧ ਕਰੇ। ਜਿਨਾਂ ਗਰੀਬ, ਮਜਦੂਰ ਵਰਗ ਕੋਲ ਇਨਾਂ ਵਸਤਾਂ ਦੀ ਖਰੀਦ ਲਈ ਕੋਈ ਸਾਧਨ ਨਹੀਂ ਹੈ, ਉਨਾਂ ਦੇ ਖਾਣਪੀਣ ਦਾ ਪ੍ਰਬੰਧ ਲੋਕਲ ਸਮਾਜਿਕ ਸੰਸਥਾਵਾਂ, ਗੁਰੂਘਰਾਂ ਨਾਲ ਮਿਲਕੇ ਇਹ ਜੁੰਮੇਵਾਰੀ ਪੂਰਨ ਕਰੇ। ਤਾਂ ਕਿ ਮੌਤ ਦੇ ਮੂੰਹ ਵਿਚ ਜਾਣ ਲਈ ਮਜਬੂਰ ਕਰਨ ਦੀ ਨਿਸਬਤ ਇੱਥੋਂ ਦੇ ਨਿਵਾਸੀਆਂ ਨੂੰ ਕੁਝ ਸਮੇਂ ਲਈ ਹੋਰ ਮੁਸ਼ਕਿਲ ਦੀ ਘੜੀ ਵਿਚ ਜਿੰਦਗੀ ਬਸਰ ਕਰਨਾ ਬਿਹਤਰ ਹੋਵੇਗਾ ਅਤੇ ਲਾਕਡਾਊਨ ਅਤੇ ਕਰਫਿਊ ਵਿਚ ਢਿੱਲ ਦੇਣ ਦੀ ਬਿਲਕੁੱਲ ਗੁਸਤਾਖੀ ਨਾ ਕੀਤੀ ਜਾਵੇ।
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ ਸ਼ੋ੍ਰਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੰਜਾਬ ਦੇ ਤਕਰੀਬਨ ਸਭ ਵੱਡੇ ਸ਼ਹਿਰਾਂ ਵਿਚ ਕਰੋਨਾ ਬੀਮਾਰੀ ਦੇ ਪੋਜ਼ਟਿਵ ਕੇਸਾਂ ਦੇ ਤੇਜ਼ੀ ਨਾਲ ਵਧਣ ਅਤੇ ਇਸ ਬੀਮਾਰੀ ਦੀ ਸਮੁੱਚੇ ਪੰਜਾਬ ਨਿਵਾਸੀਆਂ ਦੀ ਅੱਜ ਤੱਕ ਜਾਂਚ ਨਾ ਹੋਣ ਦੇ ਢਿੱਲੇ ਪ੍ਰਬੰਧ ਉਤੇ ਗਹਿਰਾ ਦੁੱਖ ਅਤੇ ਅਫਸੋਸ ਜਾਹਰ ਕਰਦੇ ਹੋਏ ਅਤੇ ਇਸ ਤਰ੍ਹਾਂ ਦੀ ਕੋਈ ਢਿੱਲ ਵਗੈਰਾ ਨਾ ਦੇ ਕੇ ਪੰਜਾਬ ਸਰਕਾਰ ਵਲੋਂ ਆਪਣੇ ਵਜੀਰਾਂ ਅਤੇ ਅਫਸਰਾਂ ਰਾਹੀਂ ਇਸ ਸੰਕਟ ਨੂੰ ਹੋਰ ਸੁੱਚਜੀ ਨੀਤੀ ਨਾਲ ਨਿਪਟਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨਾਂ ਕਿਹਾ ਕਿ ਜੋ ਫਤਿਹਗੜ੍ਹ ਸਾਹਿਬ ਜਿਲ੍ਹੇ ਦੇ ਭਾਜਪਾ ਦੇ ਪ੍ਰਧਾਨ ਪ੍ਰਦੀਪ ਗਰਗ ਨੇ ਅਜਿਹੀ ਢਿੱਲ ਦੇਣ ਬਾਰੇ ਸੁਚੇਤ ਕਰਦੇ ਹੋਏ ਪੰਜਾਬ ਸੂਬੇ ਦੇ ਨਿਵਾਸੀਆਂ ਪੱਖੀ ਵਿਚਾਰ ਪ੍ਰਗਟਾਏ ਹਨ, ਉਹ ਸਮੇਂ ਦੀ ਨਿਜ਼ਾਕਤ ਅਨੂਸਾਰ ਬਿਲਕੁੱਲ ਸਹੀ ਹਨ। ਕਿਉਂਕਿ ਕਰੋਨਾ ਮਹਾਂਮਾਰੀ ਦੀ ਬੀਮਾਰੀ ਦੀ ਜਾਂਚ ਅਤੇ ਇਲਾਜ਼ ਜਿਸ ਤੇਜ਼ੀ ਨਾਲ ਹੋਣਾ ਚਾਹੀਦਾ ਸੀ, ਉਹ ਸੈਂਟਰ ਵਲੋਂ ਸੂਬੇ ਨੂੰ ਬਣਦੀ ਸਹਾਇਤਾ ਨਾ ਦਿੱਤੇ ਜਾਣ, ਪੰਜਾਬ ਸੂਬੇ ਦੇ ਜੀ.ਐਸ.ਟੀ. ਦੇ ਹਿੱਸੇ ਦੀ ਰਕਮ ਜੋ ਬਾਕੀ 62 ਹਜਾਰ ਕਰੋੜ ਦੇ ਕਰੀਬ ਭੁਗਤਾਨ ਹੋਣ ਤੋਂ ਰਹਿੰਦੀ ਹੈ ਉਹ ਨਾ ਦੇਣ, ਸਾਧਨਾਂ, ਸਿਹਤ ਵਿਭਾਗ ਨਾਲ ਸਬੰਧਤ ਲੋੜੀਂਦੇ ਉਪਕਰਨਾਂ ਅਤੇ ਸਟਾਫ਼ ਦੀ ਕਮੀ ਆਦਿ ਦੀ ਬਦੌਲਤ ਵੱਡੇ ਖਤਰੇ ਵਲ ਸੰਜੀਦਾ ਇਸ਼ਾਰਾ ਕਰ ਰਹੀ ਹੈ। ਜਿਵੇਂ ਨਜ਼ਰ ਹਟੀ, ਦੁਰਘਟਨਾ ਘਟੀ ਦਾ ਟਰੈਫਿਕ ਦਾ ਸਲੋਗਨ ਹੈ, ਉਸੇ ਤਰ੍ਹਾਂ ਦੀ ਸਥਿਤੀ ਕਰੋਨਾ ਮਹਾਂਮਾਰੀ ਦੀ ਬਦੌਲਤ ਬਣੀ ਹੋਈ ਹੈ। ਕੋਈ ਵੀ ਅਜਿਹਾ ਅਮਲ ਨਹੀਂ ਹੋਣ ਚਾਹੀਦਾ, ਜਿਸ ਨਾਲ ਇਥੇ ਵੀ ਅਮਰੀਕਾ ਵਰਗੇ ਵੱਡੇ ਤਕਨੀਕੀ ਮੁਲਕ ਦੀ ਤਰ੍ਹਾਂ ਗਹਿਰੀ ਚਿੰਤਾਂ ਵਾਲੀ ਸਥਿਤੀ ਬਣੇ ਅਤੇ ਸਾਨੂੰ ਸਭਨਾਂ ਨੂੰ ਰੋਜਾਨਾ ਹੀ ਸਿਵੇ ਬਲਣ ਵਾਲੇ ਹਾਲਾਤਾਂ ਅਤੇ ਮਾਨਸਿਕ ਪੀੜ੍ਹਾ ਵਿਚੋਂ ਲੰਘਣਾ ਪਵੇ।
ਸ. ਟਿਵਾਣਾ ਨੇ ਅੱਗੇ ਚਲ ਕੇ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਸਮੁੱਚੇ ਮੁਲਕ ਵੱਡੇ ਆਰਥਿਕ ਮੰਦਵਾੜੇ ਵੱਲ ਵਧ ਰਹੇ ਹਨ। ਪੰਜਾਬ ਸੂਬੇ ਦਾ ਆਰਥਕ ਮੰਦਵਾੜਾ ਇਸ ਲਈ ਗੰਭੀਰ ਹੈ ਕਿ ਸੈਂਟਰ ਦੇ ਹੁਕਮਰਾਨ ਪੰਜਾਬ ਨਾਲ ਹਮੇਸ਼ਾ ਦੀ ਤਰ੍ਹਾਂ ਮਤਰਈ ਮਾਂ ਵਾਲਾ ਸਲੂਕ ਕਰਦੇ ਆ ਰਹੇ ਹਨ। ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਸੈਂਟਰ ਤੋਂ ਲੋੜੀਂਦੀ ਸਹਾਇਤਾ ਨਾ ਮਿਲਣ ਦੇ ਬਾਵਜੂਦ ਵੀ ਆਪਣੇ ਨਿਵਾਸੀਆਂ ਦੀਆਂ ਜਿੰਦਗਾਨੀਆਂ ਨੂੰ ਬਚਾਉਣ ਲਈ ਸਭ ਤੋਂ ਪਹਿਲੇ ਇੱਥੇ ਕਰਫਿਊ ਲਗਾ ਕੇ ਆਪਣੀਆਂ ਜੁੰਮੇਵਾਰੀਆਂ ਨੂੰ ਕਾਫ਼ੀ ਹੱਦ ਤੱਕ ਸੰਜੀਦਗੀ ਨਾਲ ਨਿਭਾਇਆ ਗਿਆ। ਭਾਵੇਂ ਕਿ ਉਸ ਪੱਧਰ ਦੇ ਪ੍ਰਬੰਧ ਨਹੀਂ ਹੋ ਸਕੇ, ਪਰ ਉਨਾਂ ਦੇ ਊਦਮਾਂ ਅਤੇ ਭਾਵਨਾ ਦੀ ਕਦਰ ਕਰਨੀ ਬਣਦੀ ਹੈ, ਜਿਨਾਂ ਨੇ ਇਸ ਵੱਡੇ ਸੰਕਟ ਦੀ ਸ਼ਰੂਆਤ ਸਮੇਂ ਹੀ ਸੰਜੀਦਗੀ ਵਾਲੇ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ ਸਨ। ਜੋ ਉਨਾਂ ਨੇ ਪੰਜਾਬ ਦੇ ਆਉਣ ਵਾਲੇ ਆਰਥਿਕ ਮੰਦਵਾੜੇ ਨੂੰ ਕਾਬੂ ਕਰਨ ਲਈ ਸਾਬਕਾ ਵਜੀਰੇਆਜ਼ਮ ਡਾ. ਮਨਮੋਹਨ ਸਿੰਘ ਅਤੇ ਇਸ ਵਿਸ਼ੇ ਤੇ ਉਚ ਆਹੁਦਿਆਂ ਤੇ ਰਹਿਣ ਵਾਲੇ ਡਾ. ਮੌਨਟੇਕ ਸਿੰਘ ਆਹਲੂਵਾਲੀਆ ਦੀਆਂ ਦੋਵੇਂ ਆਰਥਿਕ ਮਾਹਰਾਂ ਦੀ ਅਗਵਾਈ ਪ੍ਰਾਪਤ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ , ਇਹ ਵੀ ਉਨਾਂ ਦੀ ਪੰਜਾਬੀਆਂ ਪ੍ਰਤੀ ਸੰਜੀਦਗੀ ਨੂੰ ਪ੍ਰਤੱਖ ਕਰਦੀ ਹੈ। ਇਸ ਲਈ ਪੰਜਾਬ ਦੇ ਨਿਵਾਸੀ, ਸਿਹਤ ਵਿਭਾਗ, ਨਿਜ਼ਾਮੀ ਵਿਭਾਗ, ਫਾਰਮਾਸਿਸਟ, ਸਫਾਈ ਕਰਮਚਾਰੀ ਅਤੇ ਇਸ ਸੰਕਟ ਦੀ ਘੜੀ ਵਿਚ ਉਹ ਇਮਾਨਦਾਰ ਪੁਲਿਸ ਅਫਸਰ ਅਤੇ ਮੁਲਾਜ਼ਮ ਜਿਨਾਂ ਨੇ ਆਪਣਾ ਇਖ਼ਲਾਕੀ ਫਰਜ਼ ਸਮਝਦੇ ਹੋਏ ਮੋਹਰਲੀਆਂ ਕਤਾਰਾਂ ਵਿਚ ਵਿਚਰਦੇ ਹੋਏ ਜੁੰਮੇਵਾਰੀਆਂ ਨੂੰ ਪੂਰਨ ਕਰ ਰਹੇ ਹਨ, ਇਹ ਸਭ ਪੰਜਾਬ ਨਿਵਾਸੀਆਂ ਦੇ ਸਤਿਕਾਰਤ ਹਨ ਅਤੇ ਜਨਤਾ ਨੂੰ ਵੀ ਕੁਝ ਹੋਰ ਸਮੇਂ ਲਈ ਇਸ ਕਰੋਨਾ ਮਹਾਂਮਾਰੀ ਤੋਂ ਬਚਣ ਅਤੇ ਟਾਕਰਾ ਕਰਨ ਲਈ ਸੋਸ਼ਲ ਡਿਸਟੈਂਸਿੰਗ, ਆਪੋ ਆਪਣੇ ਘਰਾਂ ਵਿਚ ਰਹਿ ਕੇ ਅਤੇ ਹੋਰ ਸਬੰਧਤ ਗੱਲਾਂ ਤੋਂ ਸੁਚੇਤ ਰਹਿੰਦੇ ਹੋਏ ਸਹਿਯੋਗ ਕਰਨ ਅਤੇ ਸਹਿਯੋਗ ਦੇਣਾ ਚਾਹੀਦਾ ਹੈ। ਤਾਂ ਕਿ ਅਸੀਂ ਸਭ ਪੰਜਾਬ ਨਿਵਾਸੀ ਆਪੋ ਆਪਣੇ ਧਰਮਾਂ, ਕੌਮਾਂ, ਪਾਰਟੀਆਂ ਦੇ ਵਲਗਣਾਂ ਤੋਂ ਉਪਰ ਉਠ ਕੇ ਸਾਮੂਹਿਕ ਰੂਪ ਵਿਚ ਕਮੀਆਂ ਅਤੇ ਘਾਟਾਂ ਹੋਣ ਦੇ ਬਾਵਜੂਦ ਵੀ ਇਸ ਜੰਗ ਨੂੰ ਫਤਿਹ ਕਰ ਸਕੀਏ।