ਰੋਜਗਾਰ ਬਿਊਰੋ ਪਟਿਆਲਾ ਵੱਲੋਂ ਸਾਫਟ ਸਕਿੱਲ ਸਬੰਧੀ ਸੈਮੀਨਾਰ 16 ਮਾਰਚ ਤੋਂ

ਕੁਮਾਰ ਅਮਿਤ ਡੀ ਸੀ ਪਟਿਆਲਾ

ਪਟਿਆਲਾ (ਅਰਵਿੰਦਰ ਸਿੰਘ) ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ੁਰੂ ਕੀਤੀ ਗਈ ਘਰ ਘਰ ਰੋਜ਼ਗਾਰ ਯੋਜਨਾ ਮੁਹਿੰਮ ਤਹਿਤ ਹੁਨਰਮੰਦ ਨੌਜਵਾਨਾਂ ਦੀ ਸਹੂਲਤ ਲਈ ਡਿਪਟੀ ਕਮਿਸ਼ਨਰ -ਕਮ- ਚੇਅਰਮੈਨ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਪਟਿਆਲਾ ਜਿਲ੍ਹੇ ਦੀਆਂ ਆਈ.ਟੀ.ਆਈਜ਼ ਵਿੱਚ ਟ੍ਰੇਨਿੰਗ ਲੈ ਰਹੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ 16 ਮਾਰਚ ਦਿਨ ਸੋਮਵਾਰ ਤੋਂ ਸਾਫਟ ਸਕਿੱਲ ਸੈਮੀਨਾਰਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਹ ਸੈਮੀਨਾਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਆਈ.ਟੀ.ਆਈ. ਕਾਲਜਾਂ ਵਿਖੇ ਕਰਵਾਏ ਜਾਣਗੇ।
ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਨ੍ਹਾਂ ਸੈਮੀਨਾਰਾਂ ਦਾ ਮੁੱਖ ਮੰਤਵ ਨੌਜਵਾਨਾਂ ਦੀ ਕਾਬਲੀਅਤ ਅਤੇ ਸ਼ਖ਼ਸੀਅਤ ਨੂੰ ਨਿਖਾਰਨਾ ਅਤੇ ਰੋਜਗਾਰ ਪ੍ਰਾਪਤ ਕਰਨ ਦੇ ਯੋਗ ਬਣਾਉਣਾ ਹੈ। ਇਨ੍ਹਾਂ ਸੈਮੀਨਾਰਾਂ ਵਿਚ ਵੱਖ-ਵੱਖ ਖੇਤਰਾਂ ਦੇ ਮਾਹਰਾਂ ਵੱਲੋਂ ਆਈ.ਟੀ.ਆਈ. ਕਰ ਰਹੇ ਹੁਨਰਮੰਦ ਨੌਜਵਾਨਾਂ ਨੂੰ ਟ੍ਰੇਨਿੰਗ ਰਾਹੀਂ ਉਤਸਾਹਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਨਾਲ ਨੌਜਵਾਨਾਂ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਕੀਤਾ ਜਾਵੇਗਾ ਤਾਂ ਜੋ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਨੌਕਰੀ ਜਾਂ ਸਵੈ-ਰੋਜਗਾਰ ਪ੍ਰਾਪਤ ਹੋ ਸਕੇ।
ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਵੱਲੋਂ ਇਨ੍ਹਾਂ ਸੈਮੀਨਾਰਾਂ ਵਿੱਚ ਸਾਫਟ ਸਕਿੱਲ ਦੇ ਮਾਹਰਾਂ ਵੱਲੋਂ ਆਈ.ਟੀ.ਆਈ. ਕਰ ਰਹੇ ਹੁਨਰਮੰਦ ਨੌਜਵਾਨਾਂ ਨੂੰ ਬਾਡੀ ਲੈਂਗੂਏਜ, ਮੂਲ ਸ਼੍ਰਿਸ਼ਟਾਚਾਰ, ਬੋਲਚਾਲ ਦੇ ਸਲੀਕੇ, ਤਣਾਅ ਮੁਕਤੀ ਦੇ ਤਰੀਕੇ, ਆਦਿ ਬਾਰੇ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਨੌਜਵਾਨਾਂ ਨੂੰ ਨੌਕਰੀ ਲਈ ਇੰਟਰਵਿਊ ਪਾਸ ਕਰਨ ਦੇ ਯੋਗ ਬਣਾਇਆ ਜਾ ਸਕੇ।

Share This :

Leave a Reply