ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਕਾਰਜਕਾਲ ਦੇ ਆਖਰੀ ਬਚੇ ਕੁਝ ਦਿਨਾਂ
ਤੋਂ ਪਹਿਲਾਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਪਣੇ ਪੁੱਤਰ ਹੰਟਰ ਬਾਈਡਨ ਦੇ ਸਾਰੇ ਗੁਨਾਹ ਮੁਆਫ ਕਰ ਦਿੱਤੇ ਹਨ।
ਕਾਨੂੰਨੀ ਮਾਹਿਰਾਂ ਨੇ ਇਸ ਕਾਰਵਾਈ ਨੂੰ ਅਸਧਰਾਨ ਕਰਾਰ ਦਿੰਦਿਆਂ ਕਿਹਾ ਹੈ ਕਿ ਕਾਰਜਪਾਲਿਕਾ ਦੇ ਇਤਿਹਾਸ ਵਿਚ ਅਜਿਹੀ
ਮੇਹਰਬਾਨੀ ਦੀ ਘੱਟ ਹੀ ਮਿਸਾਲ ਮਿਲਦੀ ਹੈ।
ਰਾਸ਼ਟਰਪਤੀ ਨੇ ਆਪਣੇ ਆਦੇਸ਼ ਵਿਚ ਹੰਟਰ ਨੂੰ 1 ਜਨਵਰੀ, 2014 ਤੋਂ ਇਸ ਸਾਲ ਦੇ ਅੰਤ ਤੱਕ ਕੀਤੇ ਸਾਰੇ ਸੰਘੀ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਹੈ। ਕਾਨੂੰਨੀ ਮਾਹਿਰਾਂ ਅਨੁਸਾਰ ਉਹ ਇਸ ਮੁਕੰਮਲ ਤੇ ਬਿਨਾਂ ਸ਼ਰਤ
ਮੁਆਫੀ ਦੀ ਅਸਧਾਰਨ ਕਾਰਵਾਈ ਤੋਂ ਹੈਰਾਨ ਹਨ ਜਿਸ ਤਹਿਤ ਹੰਟਰ ਨੂੰ 2014 ਤੋਂ 2024 ਦਰਮਿਆਨ ਭਵਿੱਖ ਦੇ ਸੰਭਾਵੀ
ਦੋਸ਼ਾਂ ਸਮੇਤ ਹਰ ਤਰਾਂ ਦੇ ਸੰਘੀ ਦੋਸ਼ਾਂ ਤੋਂ ਬਚਾਇਆ ਗਿਆ ਹੈ। ਇਥੇ ਜਿਕਰਯੋਗ ਹੈ ਕਿ ਹੰਟਰ ਬਾਈਡਨ ਨੂੰ ਡਰੱਗ ਲੈਣ ਦੀ
ਆਦਤ ਦੌਰਾਨ ਗੰਨ ਖਰੀਦਣ ਤੇ ਗੰਨ ਆਪਣੇ ਕੋਲ ਰਖਣ ਦੇ ਮਾਮਲੇ ਵਿਚ ਡੈਲਵੇਅਰ ਜਿਊਰੀ ਨੇ ਦੋਸ਼ੀ ਕਰਾਰ ਦਿੱਤਾ ਸੀ। ਇਸ
ਤੋਂ ਇਲਾਵਾ ਕੈਲੀਫੋਰਨੀਆ ਵਿਚ ਅਨੇਕਾਂ ਸਾਲਾਂ ਤੱਕ ਟੈਕਸਾਂ ਦੀ ਅਦਾਇਗੀ ਨਾ ਕਰਨ ਦੇ ਮਾਮਲੇ ਵਿਚ ਹੰਟਰ ਨੇ ਆਪਣਾ ਗੁਨਾਹ
ਮੰਨ ਲਿਆ ਸੀ। ਫੌਰਨ ਏਜੰਟ ਰਜਿਸਟ੍ਰੇਸ਼ਨ ਐਕਟ ਤਹਿਤ ਵਿਦੇਸ਼ੀ ਕਾਰੋਬਾਰ ਨੂੰ ਲੈ ਕੇ ਵੀ ਉਸ ਵਿਰੁੱਧ ਜਾਂਚ ਹੋ ਰਹੀ ਸੀ।