
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਹੋਰ ਆਦੇਸ਼ ਜਾਰੀ ਕਰਕੇ ਕਿਨਰ ਔਰਤਾਂ ਤੇ ਲੜਕੀਆਂ
ਉਪਰ ਔਰਤਾਂ ਦੀਆਂ ਖੇਡਾਂ ਵਿਚ ਹਿੱਸਾ ਲੈਣ ‘ਤੇ ਰੋਕ ਲਾ ਦਿੱਤੀ ਹੈ। ਇਸ ਆਦੇਸ਼ ਤਹਿਤ ਸੰਘੀ ਅਧਿਕਾਰੀ ਉਨਾਂ ਸਕੂਲਾਂ ਦੀ ਵਿੱਤੀ ਸਹਾਇਤਾ ਰੋਕ
ਸਕਦੇ ਹਨ ਜੋ ਕਿਨਰ ਔਰਤਾਂ ਜਾਂ ਲੜਕੀਆਂ ਨੂੰ ਔਰਤਾਂ ਦੀਆਂ ਖੇਡਾਂ ਵਿਚ ਹਿੱਸਾ ਲੈਣ ਦੀ ਇਜਾਜਤ ਦੇਣਗੇ। ਰਾਸ਼ਟਰਪਤੀ ਦੇ ਇਸ ਨਵੇਂ ਆਦੇਸ਼
ਕਾਰਨ ਅਮਰੀਕਾ ਵਿਚ ਹੋਣ ਵਾਲੀਆਂ 2028 ਦੀਆਂ ਉਲੰਪਿਕ ਖੇਡਾਂ ਵਿਚ ਵੀ ਕਿਨਰ ਖਿਡਾਰੀ ਹਿੱਸਾ ਨਹੀਂ ਲੈ ਸਕਣਗੇ। ਅਜਿਹੇ ਖਿਡਾਰੀਆਂ ਨੂੰ
ਅਮਰੀਕਾ ਵੀਜ਼ਾ ਨਹੀਂ ਦੇਵੇਗਾ। ਟਰੰਪ ਨੇ ਆਦੇਸ਼ ਉਪਰ ਦਸਤਖਤ ਕਰਨ ਤੋਂ ਪਹਿਲਾਂ ਵਾਈਟ ਹਾਊਸ ਵਿਚ ਆਪਣੇ ਸਮਰਥਕਾਂ ਦੀ ਭਾਰੀ ਭੀੜ
ਦੌਰਾਨ ਕਿਹਾ ਕਿ ਉਨਾਂ ਸਕੂਲਾਂ ਦੀ ਵਿੱਤੀ ਸਹਾਇਤਾ ਬੰਦ ਕਰ ਦਿੱਤੀ ਜਾਵੇਗੀ ਜੋ ਇਸ ਆਦੇਸ਼ ਦੀ ਪਾਲਣਾ ਨਹੀਂ ਕਰਨਗੇ। ਉਨਾਂ ਕਿਹਾ ਕਿ ਅੱਜ
ਤੋਂ ਔਰਤਾਂ ਦੀਆਂ ਖੇਡਾਂ ਕੇਵਲ ਔਰਤਾਂ ਲਈ ਹੀ ਹੋਣਗੀਆਂ। ਰਾਸ਼ਟਰਪਤੀ ਨੇ ਕਿਹਾ ਕਿ ਸੰਘੀ ਅਧਿਕਾਰੀ ਸਿਰਲੇਖ 10 ਤਹਿਤ ਜਾਂਚ ਕਰ ਸਕਣਗੇ
ਜੋ ਸੰਘੀ ਕਾਨੂੰਨ ਸਿਖਿਆ ਸੰਸਥਾਵਾਂ ਵਿਚ ਲਿੰਗ ਅਧਾਰਤ ਭੇਦਭਾਵ ਨੂੰ ਰੋਕਦਾ ਹੈ। ਕੁਝ ਕਾਨੂੰਨੀ ਮਾਹਿਰਾਂ ਨੇ ਟਰੰਪ ਦੇ ਆਦੇਸ਼ ਉਪਰ ਸਵਾਲ
ਉਠਾਇਆ ਹੈ। ਉਨਾਂ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਦੁਆਰਾ ਕਾਨੂੰਨ ਦੀ ਕੀਤੀ ਵਿਆਖਿਆ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਜਾ ਸਕਦੀ ਹੈ।
ਇਥੇ ਜਿਕਰਯੋਗ ਹੈ ਕਿ ਆਪਣੀ ਚੋਣ ਮੁਹਿੰਮ ਦੌਰਾਨ ਟਰੰਪ ਨਿਰੰਤਰ ਕਿਨਰਾਂ ਦੁਆਰਾ ਔਰਤਾਂ ਦੀਆਂ ਖੇਡਾਂ ਵਿਚ ਹਿੱਸਾ ਲੈਣ ਦੀ ਵਿਰੋਧਤਾ ਕਰਦੇ
ਰਹੇ ਹਨ ਤੇ ਆਪਣੇ ਇਸ ਵਾਅਦੇ ਨੂੰ ਪੂਰਾ ਕਰਨ ਦੇ ਮੰਤਵ ਨਾਲ ਉਨਾਂ ਨੇ ਇਹ ਆਦੇਸ਼ ਜਾਰੀ ਕੀਤਾ ਹੈ।