ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਵੱਲੋਂ ਆਪਣੇ ਕੁੜਮਾਂ ਤੇ ਹੋਰ ਸਕੇ ਸਬੰਧੀਆਂ ਨੂੰ ਤਰਜੀਹ

ਅਮਰੀਕੀ ਸਿਆਸਤ ਵਿਚ ਭਾਈ ਭਤੀਜਾਵਾਦ ਦਾ ਬੋਲਬਾਲਾ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਦੁਆਰਾ ਬੀਤੇ ਦਿਨਾਂ ਵਿਚ ਆਪਣੇ ਪ੍ਰਸ਼ਾਸਨ ਵਿਚ
ਕੀਤੀਆਂ ਨਿਯੁਕਤੀਆਂ ਜਾਂ ਨਾਮਜ਼ਦਗੀਆਂ ਤੋਂ ਇਕ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਕਈ ਪ੍ਰਮੁੱਖ ਅਹੁੱਦਿਆਂ ਉਪਰ ਉਨਾਂ ਨੇ ਆਪਣੇ
ਨਜ਼ਦੀਕੀ ਰਿਸ਼ਤੇਦਾਰਾਂ ਤੇ ਸਕੇ ਸਬੰਧੀਆਂ ਨੂੰ ਤਰਜੀਹ ਦਿੱਤੀ ਹੈ। ਇਨਾਂ ਵਿਚ ਟਰੰਪ ਦੀਆਂ ਦੋ ਧੀਆਂ ਦੇ ਸਹੁਰੇ ਵੀ ਸ਼ਾਮਿਲ ਹਨ। ਟਰੰਪ ਨੇ
ਅਰਬਪਤੀ ਮਸਾਦ ਬੂਲੋਸ ਦੀ ਅਰਬ ਤੇ ਮੱਧ ਪੂਰਬ ਮਾਮਲਿਆਂ ਸਬੰਧੀ ਸੀਨੀਅਰ ਸਲਾਹਕਾਰ ਵਜੋਂ ਚੋਣ ਕੀਤੀ ਹੈ।

ਪਿਛਲੇ ਦਿਨਾਂ ਦੌਰਾਨ ਪ੍ਰਮੁੱਖ ਅਹੁੱਦੇ ‘ਤੇ ਟਰੰਪ ਦੁਆਰਾ ਆਪਣੇ ਕਿਸੇ ਰਿਸ਼ਤੇਦਾਰ ਦੀ ਕੀਤੀ ਗਈ ਇਹ ਦੂਸਰੀ ਨਿਯੁਕਤੀ ਹੈ। ਰਾਸ਼ਟਰਪਤੀ ਟਰੰਪ ਦੀ ਧੀ ਟਿਫਨੀ ਦਾ ਬੂਲੋਸ
ਸਹੁਰਾ ਹੈ। ਚੋਣ ਮੁਹਿੰਮ ਸਮੇ ਬੂਲੋਸ ਪੂਰੀ ਤਰਾਂ ਸਰਗਰਮ ਰਹੇ ਹਨ । ਅਹਿਮ ਰਾਜਾਂ ਵਿਚ ਉਨਾਂ ਨੇ ਟਰੰਪ ਦੇ ਹੱਕ ਵਿਚ ਜੋਰਦਾਰ ਪ੍ਰਚਾਰ ਕੀਤਾ ਤੇ
ਇਨਾਂ ਰਾਜਾਂ ਵਿਚ ਵਿਸ਼ੇਸ਼ ਕਰਕੇ ਮੁਸਲਮਾਨ- ਅਮਰੀਕੀ ਭਾਈਚਾਰੇ ਨੂੰ ਟਰੰਪ ਦੇ ਹੱਕ ਵਿਚ ਵੋਟਾਂ ਪਾਉਣ ਲਈ ਪ੍ਰੇਰਤ ਕੀਤਾ। ਬੀਤੇ ਦਿਨ ਟਰੰਪ ਨੇ
ਦੂਸਰੀ ਨਿਯੁਕਤੀ ਰੀਅਲ ਇਸਟੇਟ ਡਿਵੈਲਪਰ ਚਾਰਲਸ ਕੁਸ਼ਨਰ ਦੀ ਫਰਾਂਸ ਦੇ ਰਾਜਦੂਤ ਵਜੋਂ ਕੀਤੀ। ਕੁਸ਼ਨਰ, ਜਾਰੇਡ ਕੁਸ਼ਨਰ ਦੇ ਪਿਤਾ ਹਨ ਜੋ
ਟਰੰਪ ਦੇ ਜਵਾਈ ਹਨ । ਜਾਰੇਡ ਕੁਸ਼ਨਰ ਟਰੰਪ ਦੀ ਧੀ ਲਵਾਂਕਾ ਦੇ ਪਤੀ ਹਨ। 2 ਅਹਿਮ ਅਹੁੱਦਿਆਂ ਉਪਰ ਆਪਣੇ ਕੁੜਮਾਂ ਦੀ ਚੋਣ ਕਰਨ ਤੋਂ ਇਹ
ਗੱਲ ਭਲੀਭਾਂਤ ਸਾਫ ਹੋ ਜਾਂਦੀ ਹੈ ਕਿ ਪਹਿਲੇ ਕਾਰਜਕਾਲ ਵਾਂਗ ਦੂਸਰੇ ਕਾਰਜਕਾਲ ਵਿਚ ਵੀ ਉਹ ਆਪਣੇ ਪਰਿਵਾਰਕ ਮੈਂਬਰ ਉਪਰ ਭਰੋਸਾ ਕਰ
ਰਹੇ ਹਨ। ਟਰੰਪ ਨੇ ਬੂਲੋਸ ਦੀ ਨਿਯੁਕਤੀ ਦਾ ਐਲਾਨ ਕਰਨ ਸਮੇ ਕਿਹਾ ਸੀ ਕਿ ਉਹ ਕਾਰੋਬਾਰੀ ਜਗਤ ਵਿਚ ਬਹੁਤ ਮਾਣ ਸਨਮਾਨ ਰਖਦੇ ਹਨ।
ਉਨਾਂ ਨੂੰ ਕੌਮਾਂਤਰੀ ਪੱਧਰ’ਤੇ ਵਿਸ਼ਾਲ ਤਜ਼ਰਬਾ ਹੈ। ਟਰੰਪ ਨੇ ‘ਸੋਸ਼ਲ ਟਰੁੱਥ’ ਉਪਰ ਲਿਖਿਆ ” ਮਸਾਦ ਇਕ ‘ਡੀਲਮੇਕਰ’ ਹਨ ਤੇ ਉਹ ਮੱਧ ਪੂਰਬ
ਵਿਚ ਸ਼ਾਤੀ ਦੇ ਪੱਕੇ ਸਮਰਥਕ ਹਨ। ਉਹ ਅਮਰੀਕਾ ਤੇ ਅਮਰੀਕਾ ਦੇ ਹਿੱਤਾਂ ਲਈ ਮਜਬੂਤ ਵਕੀਲ ਸਾਬਤ ਹੋਣਗੇ। ਮੈਨੂੰ ਉਸ ਨੂੰ ਆਪਣੀ ਟੀਮ ਵਿਚ
ਸ਼ਾਮਿਲ ਕਰਕੇ ਖੁਸ਼ੀ ਮਹਿਸੂਸ ਹੋ ਰਹੀ ਹੈ।” 2017 ਤੋਂ 2021 ਦੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ ਟਰੰਪ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ
ਤਰਜੀਹ ਦਿੱਤੀ ਸੀ ਜਿਸ ਤੋਂ ਉਨਾਂ ਉਪਰ ਭਾਈ ਭਤੀਜਾਵਾਦ ਦੇ ਮੁੱਦੇ ‘ਤੇ ਸਵਾਲ ਉੱਠਣਾ ਕੁੱਦਰਤੀ ਗੱਲ ਹੈ। ਪਹਿਲੇ ਕਾਰਜਕਾਲ ਦੌਰਾਨ ਟਰੰਪ ਦੀ
ਧੀ ਲਵਾਂਕਾ ਟਰੰਪ ਤੇ ਉਸ ਦੇ ਪਤੀ ਜਾਰੇਡ ਕੁਸ਼ਨਰ ਨੇ ਵੈਸਟ ਵਿੰਗ ਦਫਤਰਾਂ ਵਿਚ ਸੀਨੀਅਰ ਸਲਾਹਕਾਰ ਵਜੋਂ ਸੇਵਾ ਨਿਭਾਈ ਸੀ। ਅਬਰਾਹਮ
ਸਮਝੌਤੇ ਵਿਚ ਕੁਸ਼ਨਰ ਨੇ ਪ੍ਰਮੁੱਖ ਗੱਲਕਾਰ ਵਜੋਂ ਕੰਮ ਕੀਤਾ ਸੀ। ਇਸ ਸਮਝੌਤੇ ਤਹਿਤ ਇਸਰਾਈਲ ਤੇ ਯੂ ਏ ਈ ਵਿਚਾਲੇ ਸਬੰਧ ਆਮ ਵਾਂਗ ਹੋਏ
ਸਨ। ਇਨਾਂ ਦੋਨਾਂ ਵੱਲੋਂ ਇਹ ਸੇਵਾ ਜਾਰੀ ਰਖੇ ਜਾਣ ਦੀ ਆਸ ਹੈ ਤੇ ਉਹ ਵਾਈਟ ਹਾਊਸ ਤੋਂ ਬਾਹਰ ਰਹਿ ਕੇ ਮੱਧ ਪੂਰਬ ਨਾਲ ਸਬੰਧਤ ਮੁੱਦਿਆਂ ਬਾਰੇ
ਸਲਾਹ ਡੋਨਾਲਡ ਟਰੰਪ ਨੂੰ ਦਿੰਦੇ ਰਹਿਣਗੇ ਕਿਉਂਕਿ ਲਵਾਂਕਾ ਟਰੰਪ ਕਹਿ ਚੁੱਕੀ ਹੈ ਕਿ ਉਸ ਦੀ ਕਿਸੇ ਵੀ ਸਥਿੱਤੀ ਵਿਚ ਵਾਸ਼ਿੰਗਟਨ ਵਾਪਿਸ
ਆਉਣ ਦੀ ਯੋਜਨਾ ਨਹੀਂ ਹੈ। ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਉਨਾਂ ਦੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਤੇ ਏਰਿਕ ਟਰੰਪ ਪਰਿਵਾਰ
ਦਾ ਰੀਅਲ ਇਸਟੇਟ ਕਾਰੋਬਾਰ ਸੰਭਾਲਦੇ ਸਨ ਪਰੰਤੂ 2024 ਦੀ ਚੋਣ ਮੁਹਿੰਮ ਵਿਚ ਉਹ ਪ੍ਰਮੁੱਖ ਪ੍ਰਚਾਰਕ ਵਜੋਂ ਉਭਰੇ ਹਨ। ਰਾਸ਼ਟਰਪਤੀ ਚੁਣੇ ਗਏ
ਟਰੰਪ ਦੀ ਨੂੰਹ ਲਾਰਾ ਟਰੰਪ ਨੂੰ ਪਹਿਲਾਂ ਹੀ ਰਿਪਬਲੀਕਨ ਨੈਸ਼ਨਲ ਕਮੇਟੀ ਦੀ ਸਹਿ ਪ੍ਰਧਾਨ ਬਣਾਇਆ ਜਾ ਚੁੱਕਾ ਹੈ।

Share This :

Leave a Reply