ਅਜਿਹਾ ਨਾ ਕਰਨ ਵਾਲੇ ਗਵਰਨਰਾਂ ਨੂੰ ਕੀਤੀ ਤਾੜਨਾ
ਨਿਆਂ ਵਿਭਾਗ ਨੇ ਕੁਝ ਰਾਜਾਂ ਵੱਲੋਂ ਬੰਦਸ਼ਾਂ ਜਾਰੀ ਰਖਣ ਨੂੰ ਗੈਰਕਾਨੂੰਨੀ ਕਰਾਰ ਦਿੱਤਾ
ਵਾਸ਼ਿੰਗਟਨ ( ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਿਰਜਾ ਘਰਾਂ, ਮਸਜ਼ਿਦਾਂ ਤੇ ਹੋਰ ਪੂਜਾ ਸਥਾਨਾਂ ਨੂੰ ਤੁਰੰਤ ਖੋਲਣ ਦਾ ਆਦੇਸ਼ ਦਿੱਤਾ ਹੈ ਤੇ ਨਾਲ ਹੀ ਤਾੜਨਾ ਕੀਤੀ ਹੈ ਅਜਿਹਾ ਨਾ ਕਰਨ ਵਾਲੇ ਗਵਰਨਰਾਂ ਨੂੰ ਅਖੋਂ ਪਰੋਖੇ ਕਰ ਦਿੱਤਾ ਜਾਵੇਗਾ। ਰਾਸ਼ਟਰਪਤੀ ਨੇ ਗਿਰਜਾ ਘਰਾਂ, ਮਸਜ਼ਿਦਾਂ , ਯਹੂਦੀਆਂ ਦੇ ਪ੍ਰਾਰਥਨਾ ਘਰਾਂ ਤੇ ਹੋਰ ਪੂਜਾ ਸਥਾਨਾਂ ਨੂੰ ਜਰੂਰੀ ਸੇਵਾਵਾਂ ਐਲਾਨ ਦਿੱਤਾ ਹੈ।
ਰਾਸ਼ਟਰਪਤੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਾਨੂੰ ਵਧੇਰੇ ਪ੍ਰਾਰਥਨਾ ਕਰਨ ਦੀ ਲੋੜ ਹੈ। ਰਾਸ਼ਟਰਪਤੀ ਨੇ ਮਿਸ਼ੀਗਨ ਦੇ ਅਟਾਰਨੀ ਜਨਰਲ ਡਾਨਾ ਨਸਲ ਦੀ ਅਲੋਚਨਾ ਕੀਤੀ ਹੈ ਜਿਸ ਨੇ ਫੋਰਡ ਫੈਕਟਰੀ ਦੇ ਦੌਰੇ ਦੌਰਾਨ ਮਾਸਕ ਨਾ ਪਾਉਣ ਕਾਰਨ ਟਰੰਪ ਨੂੰ ਢੀਠ ਬੱਚਾ ਕਿਹਾ ਸੀ। ਟਰੰਪ ਨੇ ਸਪਸ਼ਟੀਕਰਨ ਵੀ ਦਿੱਤਾ ਹੈ ਤੇ ਕਿਹਾ ਹੈ ਕਿ ਉਸ ਨੇ ਫੈਕਟਰੀ ਦੇ ਅੰਦਰ ਮਾਸਕ ਪਾਇਆ ਸੀ ਪਰ ਪੱਤਰਕਾਰਾਂ ਸਾਹਮਣੇ ਨਹੀਂ ਪਾਇਆ ਸੀ। ਟਰੰਪ ਨੇ ਕਿਹਾ ਹੈ ਕਿ ਗਰੇਟ ਸਟੇਟ ਮਿਸ਼ੀਗਨ ਲਈ ਡਾਨਾ ਨਸਲ ਨੇ ਕੁਝ ਨਹੀਂ ਕੀਤਾ।
1293 ਹੋਰ ਮੌਤਾਂ–
ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ 1293 ਹੋਰ ਮਰੀਜ਼ ਦਮ ਤੋੜ ਗਏ ਹਨ। ਇਸ ਤਰਾਂ ਮ੍ਰਿਤਕਾਂ ਦੀ ਕੁਲ ਗਿਣਤੀ 97647 ਹੋ ਗਈ ਹੈ। ਨਵੇਂ ਮਰੀਜ਼ਾਂ ਦੇ ਆਉਣ ਦਾ ਸਿਲਸਲਾ ਜਾਰੀ ਹੈ । ਬੀਤੇ ਦਿਨ 24192 ਨਵੇਂ ਮਰੀਜ਼ ਹਸਪਤਾਲਾਂ ਵਿਚ ਦਾਖਲ ਹੋਏ ਹਨ। ਪੀੜਤਾਂ ਦੀ ਗਿਣਤੀ 16,45,094 ਹੋ ਗਈ ਹੈ ਜਿਨਾਂ ਵਿਚੋਂ 11,44, 246 ਸਰਗਰਮ ਮਾਮਲੇ ਹਨ। 5,00,848 ਮਾਮਲੇ ਬੰਦ ਕਰ ਦਿੱਤੇ ਗਏ ਹਨ ਜਿਨਾਂ ਵਿਚੋਂ 4,03,201 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ ਜਦ ਕਿ ਬਾਕੀ 97647 ਨੂੰ ਬਚਾਇਆ ਨਹੀਂ ਜਾ ਸਕਿਆ। ਸਿਹਤਮੰਦ ਹੋਣ ਦੀ ਦਰ 81% ਤੇ ਮੌਤ ਦਰ 19% ਹੈ। ਕੋਰੋਨਾ ਦਾ ਕੇਂਦਰ ਬਿੰਦੂ ਬਣੇ ਨਿਊਯਾਰਕ ਵਿਚ ਪਿਛਲੇ 24 ਘੰਟਿਆਂ ਦੌਰਾਨ 124 ਹੋਰ ਮੌਤਾਂ ਹੋਈਆਂ ਹਨ ਤੇ ਰਾਜ ਵਿਚ ਮ੍ਰਿਤਕਾਂ ਦੀ ਗਿਣੀ 29009 ਹੋ ਗਈ ਹੈ।
ਨਿਆਂ ਵਿਭਾਗ ਵੱਲੋਂ ਚਿਤਾਵਨੀ–
ਨਿਆਂ ਵਿਭਾਗ ਨੇ ਕੁਝ ਰਾਜਾਂ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਉਨਾਂ ਦੇ ‘ਘਰਾਂ ਵਿਚ ਰਹਿਣ’ ਦੇ ਆਦੇਸ਼ ਗੈਰਕਾਨੂੰਨੀ ਹਨ। ਲਾਸ ਏਂਜਲਸ ਦੇ ਅਧਿਕਾਰੀਆਂ ਨੂੰ ਲਿਖੇ ਪੱਤਰ ਵਿਚ ਅਸਿਸਟੈਂਟ ਅਟਾਰਨੀ ਜਨਰਲ ਐਰਿਕ ਡਰੀਬਰੈਂਡ ਨੇ ਕਿਹਾ ਹੈ ਕਿ ਉਨਾਂ ਵੱਲੋਂ ਹਾਲ ਹੀ ਵਿਚ ਕੀਤੀ ਗਈ ਟਿਪਣੀ ਕਿ ਘਰਾਂ ਵਿਚ ਰਹਿਣ ਦੇ ਹੁਕਮ ਲੰਬਾ ਸਮਾਂ ਲਾਗੂ ਰਹਿ ਸਕਦੇ ਹਨ, ਆਪਹੁਦਰੀ ਤੇ ਗੈਰ ਕਾਨੂੰਨੀ ਹੈ। ਨਿਆਂ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਇਲੀਨੋਇਸ ਦੇ ਗਵਰਨਰ ਜੇ ਬੀ ਪ੍ਰਿਟਜ਼ਕਰ ਵੱਲੋਂ ਇਲੀਨੋਇਸ ਵਾਸੀਆਂ ਉਪਰ ਲਾਗੂ ਕੀਤੀਆਂ ਅਸੀਮਿਤ ਬੰਦਸ਼ਾਂ ਨੇ ਸੰਵਿਧਾਨਕ ਚਿੰਤਾ ਪੈਦਾ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਅਟਾਰਨੀ ਜਨਰਲ ਵਿਲੀਅਮ ਬਰ ਨੇ ਕਿਹਾ ਸੀ ਕਿ ਹਾਲਾਂ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਕਡਾਊਨ ਜਰੂਰੀ ਸੀ ਪਰ ਬੰਦਸ਼ਾਂ ਨੇ ਅਮਰੀਕੀਆਂ ਉਪਰ ਬਹੁਤ ਜਿਆਦਾ ਬੋਝ ਪਾ ਦਿੱਤਾ ਹੈ।