ਖੰਨਾ (ਪਰਮਜੀਤ ਸਿੰਘ ਧੀਮਾਨ) ਅੱਜ ਇਥੇ ਰਾਜ ਮਿਸਤਰੀ ਵੱਲੋਂ ਲੇਬਰ ਵਿਭਾਗ ਅਤੇ ਪੰਜਾਬ ਕੰਸਟ੍ਰਕਸ਼ਨ ਵੈਲਫ਼ੇਅਰ ਬੋਰਡ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਬੋਲਦਿਆਂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਮਲਕੀਤ ਸਿੰਘ ਅਤੇ ਚਰਨਜੀਤ ਸਿੰਘ ਨੇ ਦੱਸਿਆ ਪੰਜਾਬ ‘ਚ ਲਾਕਡਾਊਨ ਕਾਰਨ ਪੰਜਾਬ ਸਰਕਾਰ ਵੱਲੋਂ ਰਜਿਸਟਰਡ ਲਾਭਪਾਤਰੀਆਂ ਨੂੰ 3-3 ਹਜ਼ਾਰ ਦੀਆਂ ਦੋ ਕਿਸ਼ਤਾਂ ਕੁੱਲ 6 ਹਜ਼ਾਰ ਰੁਪਏ ਆਰਥਿਕ ਮਦਦ ਦੇਣ ਲਈ ਮਨਜ਼ੂਰ ਕੀਤੇ ਸਨ। ਉਨਾਂ ਦੱਸਿਆ ਕਿ ਇਸ ਸਬੰਧੀ ਲਿਸਟਾਂ ਬਣਾ ਕੇ ਲੇਬਰ ਇੰਸਪੈਕਟਰ ਜਸਵੀਰ ਕੌਰ ਅਤੇ ਸਹਾਇਤ ਕਿਰਤ ਕਮਿਸ਼ਨਰ ਲੁਧਿਆਣਾ ਐਸ.ਕੇ.ਭੂਰੇਵਾਲ ਨੂੰ ਭੇਜੀਆਂ ਗਈਆਂ ਸਨ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸ ਸਬੰਧੀ ਜਦੋਂ ਉਕਤ ਅਧਿਕਾਰੀਆਂ ਨਾਲ ਸੰਪਰਕ ਕਰਨ ਤੇ ਟਾਲ ਮਟੋਲ ਕੀਤੀ ਜਾਂਦੀ ਹੈ।
ਮਲਕੀਤ ਸਿੰਘ ਨੇ ਕਿਹਾ ਕਿ ਲੇਬਰ ਵਿਭਾਗ ਵੱਲੋਂ ਲੰਬੇ ਸਮੇਂ ਤੋਂ ਬੀ.ਓ.ਸੀ.ਡਬਲਿਯੂ ਦੇ ਕੰਮ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਦੋ ਸਾਲਾਂ ਤੋਂ ਲਾਭਪਾਤਰੀਆਂ ਨੂੰ ਵਜੀਫਾ, ਸ਼ਗਨ ਸਕੀਮਾਂ, ਦਾਹ ਸੰਸਕਾਰ ਤੇ ਮੈਡੀਕਲ ਦੇ ਭਰੇ ਫਾਰਮਾਂ ਦਾ ਕੋਈ ਲਾਭ ਨਹੀਂ ਮਿਲਿਆ ਅਤੇ 2016-17 ਤੇ 2017-18 ਦੇ ਸੁਧਾਈ ਦੇ ਕੇਸ ਲੁਧਿਆਣਾ ਤੇ ਮੁਹਾਲੀ ਦਫ਼ਤਰ ਵਿਖੇ ਧੂੜ ਚੱਟ ਰਹੇ ਹਨ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਲਾਕਡਾਊਨ ਕਾਰਨ ਵਿਹਲੇ ਹੋਏ ਮਜ਼ਦੂਰਾਂ ਦੀ ਸਾਰ ਲਈ ਜਾਵੇ ਤੇ ਤੁਰੰਤ ਸਹਾਇਤਾ ਰਾਸ਼ੀ ਉਨਾਂ ਦੇ ਖ਼ਾਤਿਆਂ ਵਿਚ ਪਾਈ ਜਾਵੇ। ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਮਜ਼ਦੂਰ ਲੇਬਰ ਵਿਭਾਗ ਅਤੇ ਸਰਕਾਰ ਖਿਲਾਫ਼ ਸੰਘਰਸ਼ ਤੇਜ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਦਲਜੀਤ ਸਿੰਘ, ਬਲਬੀਰ ਸਿੰਘ ਸੁਹਾਵੀ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਗੁਰਸੇਵਕ ਸਿੰਘ, ਰਾਜਵਿੰਦਰ ਸਿੰਘ, ਜਗਦੀਪ ਸਿੰਘ, ਕਰਮਜੀਤ ਸਿੰਘ, ਹਰਪ੍ਰੀਤ ਸਿੰਘ, ਬਲਦੇਵ ਸਿੰਘ, ਦਲਜੀਤ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।